ਕਰੋਨਾ ਵੈਕਸੀਨ: ਪਹਿਲੀ ਖੁਰਾਕ ਲਵਾਉਣ ਦੇ ਇਕ ਦਿਨ ਬਾਦ ਸਿਹਤ ਕਾਮੇ ਦੀ ਮੌਤ

by vikramsehajpal

ਮੁਰਾਦਾਬਾਦ (ਲਖਨਊ) (ਦੇਵ ਇੰਦਰਜੀਤ)- ਮੁਰਾਦਾਬਾਦ ਵਿੱਚ ਕਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਵਾਉਣ ਤੋਂ ਇਕ ਦਿਨ ਮਗਰੋਂ 46 ਸਾਲਾ ਸਿਹਤ ਕਾਮੇ ਦੀ ਮੌਤ ਹੋ ਗਈ। ਮਹੀਪਾਲ ਨਾਂ ਦੇ ਇਸ ਸਿਹਤ ਕਾਮੇ ਦੇ ਪਰਿਵਾਰ ਨੇ ਮੌਤ ਦੀ ਵਜ੍ਹਾ ਕਰੋਨਾ ਟੀਕਾਕਰਨ ਨੂੰ ਦੱਸਿਆ ਹੈ, ਪਰ ਸਰਕਾਰੀ ਅਧਿਕਾਰੀਆਂ ਨੇ ਪੋਸਟ ਮਾਰਟਮ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਸਿਹਤ ਕਾਮੇ ਨੂੰ ਦਿਲ ਦਾ ਦੌਰਾ ਪਿਆ ਸੀ।

ਉੱਧਰ ਮਹੀਪਾਲ ਦੇ ਪਰਿਵਾਰ ਨੇ ਦੱਸਿਆ ਕਿ ਉਸ ਦੀ ਮੌਤ ਕਰੋਨਾ ਦੇ ਟੀਕੇ ਕਾਰਨ ਹੋਈ ਹੈ ਅਤੇ ਮਹੀਪਾਲ ਨੂੰ ਬੁਖਾਰ ਤੇ ਖੰਘ ਤੋਂ ਇਲਾਵਾ ਸਿਹਤ ਸਬੰਧੀ ਕੋਈ ਹੋਰ ਪ੍ਰੇਸ਼ਾਨੀ ਨਹੀਂ ਸੀ। ਸਥਾਨਕ ਦੀਨਦਿਆਲ ਉਪਾਧਿਆਏ ਹਸਪਤਾਲ ਦੇ ਸਰਜੀਕਲ ਵਾਰਡ ’ਚ ਵਾਰਡ ਬੁਆਇ ਮਹੀਪਾਲ ਦੀ ਐਤਵਾਰ ਰਾਤ ਨੂੰ ਮੌਤ ਹੋ ਗਈ ਸੀ। ਮੁਰਾਦਾਬਾਦ ਜ਼ਿਲ੍ਹਾ ਮੈਜਿਸਟਰੇਟ ਰਾਕੇਸ਼ ਸਿੰਘ ਨੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਆਖ ਦਿੱਤਾ ਹੈ। ਸੀਐੱਮਓ ਡਾ. ਮਿਲਿੰਦ ਚੰਦਰ ਗਰਗ ਨੇ ਵੀ ਸਿਹਤ ਕਾਮੇ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਹੈ। ਉਨ੍ਹਾਂ ਕਿਹਾ, ‘ਪੋਸਟਮਾਰਟਮ ਰਿਪੋਰਟ ਅਨੁਸਾਰ ਉਸ ਨੂੰ ਦਿਲ ਦੀ ਬਿਮਾਰੀ ਸੀ ਅਤੇ ਖੂਨ ਦੇ ਕਲੌਟ ਵੀ ਸਨ।’