ਵੈੱਬ ਡੈਸਕ (ਵਿਕਰਮ ਸਹਿਜਪਾਲ) : ਇਕ ਤਾਜ਼ਾ ਮਾਮਲਾ ਮਲੇਸ਼ੀਆ ਤੋਂ ਸਾਹਮਣੇ ਆਇਆ ਹੈ, ਜਿਥੇ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਲਕਾਰ ਸਿੰਘ ਵਜੋਂ ਹੋਈ ਹੈ, ਜੋ ਪਿੰਡ ਕਿਸ਼ਨਗੜ੍ਹ ਨਾਲ ਸਬੰਧ ਰੱਖਦਾ ਸੀ। ਮਿਲੀ ਜਾਣਕਾਰੀ ਮੁਤਾਬਕ ਦੋ ਭਰਾਵਾਂ ‘ਚੋਂ ਛੋਟੇ ਭਰਾ ਨੌਜਵਾਨ ਬਲਕਾਰ ਸਿੰਘ ਨੇ 8 ਮਹੀਨੇ ਪਹਿਲਾਂ ਘਰ ਦੇ ਹਾਲਾਤ ਸੁਧਾਰਨ ਲਈ ਵਿਦੇਸ਼ੀ ਧਰਤੀ ਮਲੇਸ਼ੀਆ ਜਾ ਕੇ ਮਿਹਨਤ ਮਜ਼ਦੂਰੀ ਸ਼ੁਰੂ ਕੀਤੀ।

ਕਈ ਮਹੀਨੇ ਤੋਂ ਬਾਅਦ ਫਰਵਰੀ ਮਹੀਨੇ ‘ਚ ਘਰ ਵਾਪਸ ਪਰਤਿਆ ਤੇ ਮਹੀਨਾ ਭਰ ਮਾਂ-ਬਾਪ ਕੋਲ ਗੁਜ਼ਾਰ ਕੇ 9 ਮਾਰਚ ਨੂੰ ਹੀ ਵਾਪਸ ਮਲੇਸ਼ੀਆ ਪਰਤਿਆ ਸੀ ਕਿ ਗਿਆਰਾਂ ਮਾਰਚ ਨੂੰ ਉਸ ਦੀ ਲਾਸ਼ ਮਲੇਸ਼ੀਆ ਵਾਲੇ ਘਰ ਵਿਖੇ ਮਿਲੀ ਸੀ। ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਬਲਕਾਰ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਰਿਵਾਰ ‘ਚ ਸੋਗ ਦੀ ਲਹਿਰ ਫੈਲ ਗਈ।



