ਦੀਪ ਸਿੱਧੂ ਦੀ ਹਾਦਸੇ ‘ਚ ਮੌਤ, ਪਰ ਸਮਰਥਕਾਂ ਦਾ ਕਹਿਣੈ “ਏਜੰਸੀਆਂ ਨੇ ਮਰਵਾਇਆ ਸਿੱਧੂ”, ਦੇਖੋ ਵੀਡੀਓ

by jaskamal

ਨਿਊਜ਼ ਡੈਸਕ : ਬੀਤੀ ਰਾਤ ਇਕ ਦਰਦਨਾਕ ਹਾਦਸੇ ਵਿਚ ਮਸ਼ਹੂਰ ਅਦਾਕਾਰ ਦੀਪ ਸਿੱਧੂ ਦੀ ਮੌਤ ਹੋ ਗਈ ਸੀ। ਦੀਪ ਸਿੱਧੂ ਨੇ ਜ਼ੋਰਾ 10 ਨੰਬਰੀਆ ਫਿਲਮ ਤੇ ਕਿਸਾਨੀ ਸੰਘਰਸ਼ ਵਿਚ ਮੋਹਰੀ ਰੋਲ ਅਦਾ ਕਰਨ ਤੋਂ ਬਾਅਦ ਪ੍ਰਸ਼ੰਸਾ ਖੱਟੀ ਤੇ ਚਰਚਾ ਵਿਚ ਆਏ। ਜਾਣਕਾਰੀ ਅਨੁਸਾਰ ਬੀਤੀ ਰਾਤ ਦਿੱਲੀ ਤੋਂ ਪੰਜਾਬ ਆਪਣੀ ਸਾਥੀ ਕੋ-ਸਟਾਰ ਰੀਨਾ ਰਾਏ ਨਾਲ ਵਾਪਸ ਆ ਰਹੇ ਸਨ ਪਰ KMPL ਨਜ਼ਦੀਕ ਖਰਖੌਦਾ ਵਿਖੇ ਉਨ੍ਹਾਂ ਦੀ ਗੱਡੀ (ਪੀਬੀ 10 X 7047) ਸਕਾਰਪੀਓ ਅੱਗੇ ਜਾ ਰਹੇ ਇਕ ਰਾਜਸਥਾਨ ਨੰਬਰ 22 ਚੱਕੀ ਟਰਾਲੇ ਦੇ ਚਾਲਕ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਜਿਸ ਕਾਰਨ ਪਿੱਛਿਓਂ ਆ ਰਹੀ ਦੀਪ ਸਿੱਧੂ ਦੀ ਗੱਡੀ ਉਕਤ ਟਰਾਲੇ ਵਿਚ ਜਾ ਵੱਜੀ ਤੇ ਮੌਕੇ 'ਤੇ ਦੀਪ ਸਿੱਧੂ ਦੀ ਮੌਤ ਹੋ ਗਈ। ਹਾਦਸੇ ਸਾਥੀ ਕੋ-ਸਟਾਰ ਰੀਨਾ ਰਾਏ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਸਮਰਥਕਾਂ ਦਾ ਕਹਿਣੈ ਇਹ ਹਾਦਸਾ ਨਹੀਂ ਸਾਜ਼ਿਸ਼ ਹੈ
ਸੋਨੀਪਤ ਦੇ ਖਰਖੌਦਾ ਸਿਵਲ ਹਸਪਤਾਲ ਵਿਖੇ ਜਦੋਂ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਤਾਂ ਉਥੇ ਮੌਜੂਦ ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਥਰੀ ਲੇਨ ਸੜਕ 'ਤੇ ਜਾ ਰਹੇ ਟਰਾਲੇ ਵੱਲੋਂ ਅਚਾਨਕ ਬ੍ਰੇਕ ਮਾਰ ਦੇਣਾ ਇਕ ਸਵਾਲ ਖੜ੍ਹਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਦੀਪ ਸਿੱਧੂ ਹਮੇਸ਼ਾ ਝੂਠੇ ਸਿਆਸਤਦਾਨਾਂ ਦੀ ਖਿਲਾਫਤ ਕਰਦਾ ਸੀ ਜਿਸ ਕਾਰਨ ਉਹ ਕਈ ਏਜੰਸੀਆਂ ਤੇ ਪਾਰਟੀਆਂ ਦੀਆਂ ਅੱਖਾਂ ਵਿਚ ਰੜਕਦਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਸਾਡੇ ਪੱਲੇ ਹੁਣ ਕੁਝ ਨਹੀਂ ਪੈਣਾ ਪਰ ਫਿਰ ਵੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਹਾਦਸੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।

ਭਾਝੀ ਦੂਣੀ ਕਰ ਕੇ ਮੋੜਾਂਗੇ : ਨਿਹੰਗ ਅੰਮ੍ਰਿਤਪਾਲ ਸਿੰਘ ਮਿਹਰੋਂ
ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਰਾਹੀਂ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇਸ ਸਬੰਧੀ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੀਪ ਸਿੱਧੂ ਹਮੇਸ਼ਾ ਕੌਮ ਦੇ ਪੱਖ ਦੀ ਗੱਲ ਕਰਦਾ ਆਇਆ ਸੀ। ਦਿੱਲੀ ਸੰਘਰਸ਼ ਵਿਚ ਵੀ ਉਸ ਨੇ ਅਹਿਮ ਰੋਲ ਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਪਿੱਛੇ ਏਜੰਸੀਆਂ ਦਾ ਹੱਥ ਹੈ ਤੇ ਜੇਕਰ ਸੱਚ ਹੀ ਇਹੋ ਜਿਹੀ ਕੋਈ ਗੱਲ ਜਾਣ ਕੋਈ ਸਬੂਤ ਸਾਹਮਣੇ ਆਉਂਦਾ ਹੈ ਤਾਂ ਭਾਝੀ ਦੁੱਗਣੀ ਕਰ ਕੇ ਮੋੜਾਂਗੇ।