ਦੀਪ ਸਿੱਧੂ ਵਲੋਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਦਿੱਤੀ ਸਫਾਈ, ਸਮਰਥਕਾਂ ਨੇ ਕੀਤਾ ਖਾਰਜ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) - ਦਿੱਲੀ 'ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਿੰਸਾ ਤੇ ਲਾਲ ਕਿਲ੍ਹੇ 'ਤੇ ਰਾਸ਼ਟਰੀ ਝੰਡੇ ਦੀ ਥਾਂ ਕੇਸਰੀਆ ਝੰਡਾ ਲਹਿਰਾਏ ਜਾਣ ਦੀ ਘਟਨਾ ਤੋਂ ਬਾਅਦ ਪੰਜਾਬੀ ਫਿਲਮਾਂ ਦੇ ਮੰਨੇ-ਪ੍ਰਮੰਨੇ ਕਲਾਕਾਰ ਦੀਪ ਸਿੱਧੂ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਕਿਸਾਨ ਆਗੂਆਂ ਨੇ ਵੀ ਇਸ ਘਟਨਾ ਲਈ ਦੀਪ ਸਿੱਧੂ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ।

ਦੂਜੇ ਪਾਸੇ, ਦੀਪ ਨੇ ਪੂਰੇ ਮਾਮਲੇ 'ਤੇ ਸਫਾਈ ਦਿੱਤੀ ਹੈ ਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਨੂੰ ਗਲਤ ਦੱਸਿਆ ਹੈ। ਸਿੱਧੂ ਨੇ ਇੰਟਰਨੈੱਟ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਕਿ ਇਸ ਘਟਨਾ ਲਈ ਉਨ੍ਹਾਂ ਨੂੰ ਵਿਲੇਨ ਬਣਾਉਣਾ ਗਲਤ ਹੈ। ਦੀਪ ਸਿੱਧੂ ਨੇ ਕਿਹਾ, 'ਲਾਲ ਕਿਲ੍ਹੇ ਕੋਲ ਭਾਰੀ ਗਿਣਤੀ 'ਚ ਲੋਕ ਪਹੁੰਚੇ ਤਾਂ ਕੀ ਸਾਰਿਆਂ ਨੂੰ ਮੈਂ ਹੀ ਭੜਕਾਇਆ। ਹੋਰ ਬਾਰਡਰ ਤੋਂ ਕੱਢੇ ਗਏ ਟਰੈਕਟਰ ਪਰੇਡ 'ਚ ਵੀ ਤੈਅ ਰੂਟਾਂ ਦੀ ਉਲੰਘਣਾ ਕੀਤੀ ਗਈ। ਲਾਲ ਕਿਲ੍ਹੇ 'ਤੇ ਵੀ ਕੇਸਰੀਆ ਝੰਡਾ ਲਹਿਰਾਉਣ 'ਤੇ ਵੀ ਉਸ ਨੇ ਸਫਾਈ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉੱਥੇ ਝੰਡੇ ਨੂੰ ਹਟਾਇਆ ਨਹੀਂ ਗਿਆ।' ਪਰ ਸੋਸ਼ਲ ਮੀਡੀਆ 'ਤੇ ਕਲਾਕਾਰ ਦੀਪ ਸਿੱਧੂ ਵਲੋਂ ਦਿੱਤੀ ਸਫਾਈ ਨੂੰ ਸਮਰਥਕਾਂ ਨੇ ਸਿਰੇ ਤੋਂ ਖਾਰਜ ਕਰ ਦਿੱਤਾ।