ਨਵੀਂ ਦਿੱਲੀ (ਇੰਦਰਜੀਤ ਸਿੰਘ) : ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ (AAP) ਨੇ ਵੋਟਰਾਂ ਤਕ ਆਪਣੀ ਗੱਲ ਪਹੁੰਚਾਉਣ ਲਈ ਨਵੀਂ ਕੈਂਪੇਨ ਸ਼ੁਰੂ ਕੀਤਾ ਹੈ। 'Kaam ki Chai' ਜ਼ਰੀਏ ਹੁਣ ਪਾਰਟੀ ਆਪਣੇ ਵਿਕਾਸ ਕਾਰਜਾਂ ਨੂੰ ਗਿਣਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਆਪਣੀਆਂ ਅਲੱਗ-ਅਲੱਗ ਉਪਲਬਧੀਆਂ ਨੂੰ ਲੈ ਕੇ ਪਾਰਟੀ ਨੇ ਚਾਹ ਦੇ ਨਾਂ ਰੱਖੇ ਹਨ। ਇਸ ਵਿਚ 'Shiksha wali Chai', 'Vikas wali Chai' ਤੇ 'Swasthya wali Chai' ਵੀ ਸ਼ਾਮਲ ਹਨ। ਚੋਣ ਦੀਆਂ ਸਰਗਰਮੀਆਂ ਦੌਰਾਨ ਹੁਣ AAP ਹਰੇਕ ਵਿਧਾਨ ਸਭਾ ਹਲਕੇ 'ਚ 'Kaam ki Chai' ਨਾਂ ਵਾਲੇ ਟੀ-ਸਟਾਲ ਸ਼ੁਰੂ ਕਰੇਗੀ।
ਵੀਰਵਾਰ ਨੂੰ ਪਾਰਟੀ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।ਚੋਣਾਂ ਦੌਰਾਨ AAP ਦੇ ਇਸ ਕਦਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'Chai pe Charcha' ਪ੍ਰੋਗਰਾਮ ਨੂੰ ਵੀ ਝਟਕਾ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਇਸ ਪੂਰੀ ਮੁਹਿੰਮ ਦੌਰਾਨ ਅਹਿਮਦਾਬਾਦ ਦੇ MBA Dropout ਪ੍ਰਫੁੱਲ ਬਿੱਲੌਰ ਵੱਲੋਂ ਹਰ ਟੀ-ਸਟਾਲ 'ਤੇ ਚਾਹ ਸਪਲਾਈ ਕੀਤੀ ਜਾਵੇਗੀ। ਪ੍ਰਫੁੱਲ 'MBA Chaiwala' ਦੇ ਨਾਂ ਨਾਲ ਵੀ ਮਸ਼ਹੂਰ ਹਨ।
ਪਾਰਟੀ ਦੇ ਸੰਚਾਲਕਾਂ ਮੁਤਾਬਿਕ ਬਿੱਲੌਰ ਨੇ ਸਿੱਧਾ ਸੀਐੱਮ ਅਰਵਿੰਦ ਕੇਜਰੀਵਾਲ ਨਾਲ ਰਾਬਤਾ ਕਾਇਮ ਕੀਤਾ ਸੀ ਤੇ ਉਨ੍ਹਾਂ ਨੇ ਹੀ ਹਰ ਵਿਧਾਨ ਸਭਾ ਹਲਕੇ 'ਚ ਚਾਹ ਦਾ ਸਟਾਲ ਲਾਉਣ ਦਾ ਸੁਝਾਅ ਦਿੱਤਾ ਸੀ। ਇਸ ਜ਼ਰੀਏ ਕੇਜੀਰਵਾਲ ਸਰਕਾਰ ਦੇ ਕੰਮਾਂ ਨੂੰ ਜਨਤਾ ਤਕ ਪਹੁੰਚਾਉਣ ਦੀ ਕਵਾਇਦ ਹੈ।



