ਪੱਤਰ ਪ੍ਰੇਰਕ : ਦਿੱਲੀ ਐਕਸਾਈਜ਼ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ‘ਆਪ’ ਆਗੂ ਸੰਜੇ ਸਿੰਘ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 10 ਨਵੰਬਰ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਐਮ.ਕੇ. ਨਾਗਪਾਲ ਨੇ ਸਿੰਘ ਨੂੰ ਆਪਣੇ ਪਰਿਵਾਰਕ ਖਰਚਿਆਂ ਦੇ ਨਾਲ-ਨਾਲ ਸੰਸਦ ਮੈਂਬਰ ਵਜੋਂ ਆਪਣੇ ਕੰਮਾਂ ਲਈ ਕੁਝ ਚੈੱਕਾਂ 'ਤੇ ਦਸਤਖਤ ਕਰਨ ਦੀ ਇਜਾਜ਼ਤ ਵੀ ਦਿੱਤੀ।
ਜੱਜ ਨੇ ਸਬੰਧਤ ਜੇਲ੍ਹ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸੰਜੇ ਸਿੰਘ ਦਾ ਉਸ ਦੇ ਨਿੱਜੀ ਡਾਕਟਰ ਸਮੇਤ ਢੁਕਵਾਂ ਇਲਾਜ ਯਕੀਨੀ ਬਣਾਉਣ। "ਅਦਾਲਤ ਨੂੰ ਦੋਸ਼ੀ ਦੇ ਨਿੱਜੀ ਇਲਾਜ ਤੋਂ ਇਨਕਾਰ ਕਰਨ ਦਾ ਕੋਈ ਕਾਰਨ ਨਹੀਂ ਮਿਲ ਰਿਹਾ, ਇਸ ਲਈ ਸਬੰਧਤ ਜੇਲ੍ਹ ਸੁਪਰਡੈਂਟ ਨੂੰ ਉਸ ਦਾ ਸਹੀ ਇਲਾਜ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤਾ ਜਾਂਦੇ ਹਨ"। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਮੁਲਜ਼ਮਾਂ ਦੇ ਵਕੀਲ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਸ ਦੌਰਾਨ ਸੰਜੇ ਸਿੰਘ ਅਤੇ ਹੋਰਾਂ ਦਾ ਕੋਈ ਵੀ ਸਮਰਥਕ ਇਲਾਜ ਕੇਂਦਰ ਵਿੱਚ ਇਕੱਠਾ ਨਾ ਹੋਵੇ।



