Delhi Police ਨੇ ਅੱਤਵਾਦੀ ਅਰਸ਼ ਡੱਲਾ ਦੇ ਦੋ ਗੁਰਗੇ ਕੀਤੇ ਗ੍ਰਿਫ਼ਤਾਰ, ਹਥਿਆਰ ਵੀ ਹੋਏ ਬਰਾਮਦ

by jaskamal
(ਨਿਊਜ਼ ਡੈਸਕ) : ਪੰਜਾਬ ਨਾਲ ਸਬੰਧਤ ਗੈਂਗਸਟਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਦਿੱਲੀ ਦੀ ਸਪੈਸ਼ਲ ਸੈੱਲ ਪੁਲਿਸ ਦੀ ਟੀਮ ਨੇ ਪ੍ਰਗਤੀ ਮੈਦਾਨ ਇਲਾਕੇ ਤੋਂ ਅਰਸ਼ ਡੱਲਾ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਟੀਮ ਨੇ ਆਊਟਰ ਰਿੰਗ ਰੋਡ 'ਤੇ ਉਨ੍ਹਾਂ ਦਾ ਪਤਾ ਲਗਾਇਆ ਅਤੇ ਜਦੋਂ ਸਰੰਡਰ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ। ਦੂਜੇ ਬਦਮਾਸ਼ ਨੇ ਬੈਗ 'ਚੋਂ ਹੈਂਡ ਗ੍ਰੇਨੇਡ ਕੱਢ ਕੇ ਪੁਲਿਸ ਵੱਲ ਸੁੱਟਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਜਵਾਬ ਵਿੱਚ ਟੀਮ ਨੇ ਗੋਲੀ ਚਲਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਇਨ੍ਹਾਂ ਮੁਲਜ਼ਮਾਂ ਕੋਲੋਂ ਹੈਂਡ ਗ੍ਰਨੇਡ ਅਤੇ ਪਿਸਤੌਲ ਸਮੇਤ ਪੰਜ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਟੀਮ ਇਨ੍ਹਾਂ ਨੂੰ ਫੜ ਕੇ ਹੋਰ ਪੁੱਛਗਿੱਛ ਕਰ ਰਹੀ ਹੈ। ਇਹ ਮਾਮਲਾ ਤਿਲਕ ਮਾਰਗ ਥਾਣਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਜਦੋਂ ਸਪੈਸ਼ਲ ਸੈੱਲ ਦੇ ਕਾਊਂਟਰ ਇੰਟੈਲੀਜੈਂਸ ਦੇ ਏਸੀਪੀ ਰਾਹੁਲ ਵਿਕਰਮ ਅਤੇ ਉਨ੍ਹਾਂ ਦੀ ਟ੍ਰੈਪ ਲਾ ਕੇ ਇਨ੍ਹਾਂ ਸ਼ੂਟਰਾਂ ਨੂੰ ਫੜਨ ਲਈ ਖੜ੍ਹੇ ਸਨ। ਇਸ ਦੌਰਾਨ ਉਨ੍ਹਾਂ 'ਤੇ ਫਾਇਰਿੰਗ ਕੀਤੀ ਗਈ ਅਤੇ ਗ੍ਰੇਨੇਡ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਸੂਤਰਾਂ ਅਨੁਸਾਰ ਫੜੇ ਗਏ ਦੋ ਸ਼ੂਟਰਾਂ ਵਿੱਚੋਂ ਇੱਕ ਦੀ ਪਛਾਣ ਕ੍ਰਿਸ਼ਨ ਕੁਮਾਰ ਅਤੇ ਦੂਜੇ ਦੀ ਗਜੇਂਦਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਸੂਚਨਾ ਮਿਲਣ ਤੋਂ ਬਾਅਦ ਸਪੈਸ਼ਲ ਸੈੱਲ ਦੀ ਟੀਮ ਰਾਤ 2 ਵਜੇ ਮੌਕੇ 'ਤੇ ਪਹੁੰਚੀ।