ਨਵੀਂ ਦਿੱਲੀ (ਪਾਇਲ): ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਕ ਵੱਡੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਜੋ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਸੀ। ਇਸ ਮਾਡਿਊਲ ਦਾ ਮੁਖੀ ਸ਼ਹਿਜ਼ਾਦ ਭੱਟੀ ਦੱਸਿਆ ਜਾਂਦਾ ਹੈ, ਜੋ ਵਿਦੇਸ਼ ਤੋਂ ਪੂਰੀ ਟੀਮ ਨੂੰ ਕੰਟਰੋਲ ਕਰ ਰਿਹਾ ਸੀ। ਪੁਲਿਸ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੰਜਾਬ ਤੋਂ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਸਪੈਸ਼ਲ ਸੈੱਲ ਦੀ ਅੱਤਵਾਦ ਰੋਕੂ ਇਕਾਈ ਨੂੰ ਮਿਲੇ ਖੁਫੀਆ ਸੂਚਨਾਵਾਂ ਦੇ ਆਧਾਰ 'ਤੇ ਪੁਲਸ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੰਜਾਬ ਤੋਂ ਮਾਡਿਊਲ ਨਾਲ ਜੁੜੇ ਕਈ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਪੰਜਾਬ ਦੇ ਸ਼ੱਕੀ ਵਿਅਕਤੀ ਸਭ ਤੋਂ ਵੱਧ ਸਰਗਰਮ ਪਾਏ ਗਏ ਹਨ, ਜੋ ਗੈਂਗਸਟਰ ਨੈੱਟਵਰਕ ਦੀ ਮਦਦ ਨਾਲ ਹਥਿਆਰ, ਗੋਲਾ ਬਾਰੂਦ ਅਤੇ ਧਮਾਕਾਖੇਜ਼ ਸਮੱਗਰੀ ਦੀ ਤਸਕਰੀ ਕਰ ਰਹੇ ਸਨ।
ਜਾਂਚ 'ਚ ਸਾਹਮਣੇ ਆਇਆ ਕਿ ਇਹ ਮਾਡਿਊਲ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ 'ਚ ਸੀ ਅਤੇ ਉਨ੍ਹਾਂ ਨੂੰ ਉਥੋਂ ਨਿਰਦੇਸ਼ ਮਿਲ ਰਹੇ ਸਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਨੈੱਟਵਰਕ ਤਿੰਨ ਰਾਜਾਂ ਪੰਜਾਬ, ਯੂਪੀ ਅਤੇ ਐਮਪੀ ਵਿੱਚ ਨੌਜਵਾਨਾਂ ਦੀ ਭਰਤੀ ਕਰ ਰਿਹਾ ਸੀ। ਨਾਲ ਹੀ, ਦਿੱਲੀ-ਐਨਸੀਆਰ ਵਿੱਚ ਇੱਕ ਵੱਡੇ ਧਮਾਕੇ ਦੀ ਸਾਜਿਸ਼ ਬਣਾਈ ਜਾ ਰਹੀ ਸੀ।
ਸ਼ਹਿਜ਼ਾਦ ਭੱਟੀ ਨੇ ਹਾਲ ਹੀ ਵਿੱਚ ਪੰਜਾਬ ਵਿੱਚ ਇੱਕ ਭਾਜਪਾ ਆਗੂ ਦੇ ਘਰ ਦੇ ਬਾਹਰ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ ਨੇ ਇਹ ਵੀ ਪਾਇਆ ਕਿ ਇਹ ਮਾਡਿਊਲ ਬਿਸ਼ਨੋਈ ਗੈਂਗ, ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਵਰਗੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਸੀ। ਪਹਿਲਾਂ ਇਹ ਜਥੇਬੰਦੀਆਂ ਇੱਕ ਦੂਜੇ ਦੀਆਂ ਵਿਰੋਧੀ ਮੰਨੀਆਂ ਜਾਂਦੀਆਂ ਸਨ, ਪਰ ਹੁਣ ਆਈਐਸਆਈ ਦੇ ਦਬਾਅ ਹੇਠ ਇਹ ਇਕੱਠੇ ਕੰਮ ਕਰ ਰਹੀਆਂ ਹਨ ਅਤੇ ਸੁਰੱਖਿਆ ਏਜੰਸੀਆਂ ਲਈ ਇੱਕ ਨਵਾਂ ਹਾਈਬ੍ਰਿਡ ਖ਼ਤਰਾ ਬਣ ਗਈਆਂ ਹਨ। ਪੁਲਿਸ ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਅਤੇ ਇਸ ਮੋਡਿਊਲ ਨਾਲ ਜੁੜੇ ਹੋਰ ਨਾਮ ਸਾਹਮਣੇ ਆ ਸਕਦੇ ਹਨ।



