ਦਿੱਲੀ ਸਿੱਖ ਕੁੱਟਮਾਰ ਮਾਮਲੇ ‘ਚ ਦਿੱਲੀ ਪੁਲਿਸ ਨੇ ਲਗਾਏ ਸਰਬਜੀਤ ਦੇ ਅਪਰਾਧਿਕ ਪਿਛੋਕੜ ਹੋਣ ਦੇ ਦੋਸ਼

by mediateam

ਨਵੀ ਦਿੱਲੀ (ਵਿਕਰਮ ਸਹਿਜਪਾਲ) : ਰਾਜਧਾਨੀ ਦੇ ਮੁਖਰਜੀ ਨਗਰ ਵਿੱਚ ਸਿੱਖ ਨਾਲ ਹੋਈ ਮਾਰਕੁਟਾਈ ਦੇ ਮਾਮਲੇ 'ਚ ਹੁਣ ਇੱਕ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ। ਜਿਸ ਆਟੋ ਡਰਾਈਵਰ ਸਰਬਜੀਤ ਦੀ ਦਿੱਲੀ ਪੁਲਿਸ ਨਾਲ ਖੜਕੀ ਸੀ ਉਸ ਵਿਰੁੱਧ ਦਿੱਲੀ ਪੁਲਿਸ ਵੱਲੋਂ ਪਹਿਲਾਂ ਵੀ ਇੱਕ ਮਾਮਲਾ ਦਰਜ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। 

ਪੁਲਿਸ ਮੁਤਾਬਕ ਸਰਬਜੀਤ 'ਤੇ ਦੋਸ਼ ਹੈ ਕਿ ਉਸ ਨੇ ਬੰਗਲਾ ਸਾਹਿਬ ਦੇ ਸੇਵਾਦਾਰ ਨਾਲ ਮਾਰਕੁਟਾਈ ਕੀਤੀ ਸੀ। ਸਰਬਜੀਤ 'ਤੇ ਮਾਰਕੁਟਾਈ ਦਾ ਸੰਸਦ ਮਾਰਗ ਥਾਣੇ ਵਿੱਚ ਮਾਮਲਾ ਦਰਜ ਹੈ। ਇਸ ਮਾਮਲੇ ਵਿੱਚ ਸਰਬਜੀਤ ਦੀ ਗ੍ਰਿਫ਼ਤਾਰੀ ਵੀ ਹੋਈ ਸੀ। 

ਇਸ ਤੋਂ ਇਲਾਵਾਂ ਸਰਬਜੀਤ ਖ਼ਿਲਾਫ਼ 2 ਡੀਡੀ ਐਂਟਰੀ(ਹੰਗਾਮਾ ਕਰਨ ਜਾ ਮਾਰਕੁਟਾਈ ਕਰਨ 'ਤੇ ਮਾਮਲਾ ਦਰਜ) ਦੇ ਵੀ ਮਾਮਲੇ ਦਰਜ ਹਨ। 

ਕੀ ਸੀ ਸੇਵਾਦਾਰ ਨਾਲ ਕੁੱਟਮਾਰ ਦਾ ਮਾਮਲਾ? 

ਜਾਣਕਾਰੀ ਮੁਤਾਬਕ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਗੁਰਦਾਸਪੁਰ ਨਿਵਾਸੀ ਮੰਗਲ ਸਿੰਘ ਬਤੌਰ ਸੇਵਾਦਾਰ ਵੱਜੋਂ ਸੇਵਾਵਾਂ ਨਿਭਾ ਰਹੇ ਹਨ। ਬੀਤੀ 3 ਅਪਰੈਲ ਨੂੰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਮੰਗਲ ਅਤੇ ਸ਼ਾਲੂ ਸਿੰਘ(ਦੂਜਾ ਸੇਵਾਦਾਰ) ਡਿਉਟੀ 'ਤੇ ਸਨ। 3 ਅਪਰੈਲ ਦੀ ਸ਼ਾਮ ਕਰੀਬ 6:30 ਵਜੇ ਜਦੋਂ ਗੁਰਦੁਆਰੇ ਦੇ ਸਰੋਵਰ ਕੋਲ ਸੇਵਾਦਰ ਡਿਉਟੀ ਨਿਭਾ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਸਰਬਜੀਤ ਸਰੋਵਰ ਕੋਲ ਸੁੱਤਾ ਹੋਇਆ ਸੀ ਅਤੇ ਉਸ ਦੇ ਕੋਲ ਉਸ ਦਾ ਬੇਟਾ ਬੈਠਾ ਹੋਇਆ ਸੀ।ਸਰਬਜੀਤ ਸਿੰਘ ਲਗਾਤਾਰ 3-4 ਦਿਨ ਤੋਂ ਉੱਥੇ ਰਹਿ ਰਿਹਾ ਸੀ, ਜਿਸ ਦਾ ਵਿਰੋਧ ਸੇਵਾਦਾਰ ਮੰਗਲ ਸਿੰਘ ਵੱਲੋਂ ਕੀਤਾ ਗਿਆ। 

ਮੰਗਲ ਸਿੰਘ ਨੇ ਇਤਲਾਹ ਗੁਰਦੁਆਰੇ ਦੇ ਮੈਨੇਜਰ ਰਾਜੇਂਦਰ ਸਿੰਘ ਨੂੰ ਦਿੱਤੀ ਜਿਸ ਤੋਂ ਬਾਅਦ ਸਰਬਜੀਤ ਨੂੰ ਮੈਨੇਜਰ ਨੇ ਦਫ਼ਤਰ ਵਿੱਚ ਬੁਲਾਇਆ, ਜਿੱਥੇ ਸੇਵਾਦਾਰ ਸਰਬਜੀਤ ਨੂੰ ਲੈ ਕੇ ਜਾ ਰਿਹਾ ਸੀ ਤਾਂ ਸੇਵਾਦਾਰ 'ਤੇ ਸਰਬਜੀਤ ਨੇ ਹਮਲਾ ਕਰ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਮੰਗਲ ਸਿੰਘ ਨੇ ਸਰਬਜੀਤ ਖ਼ਿਲਫ਼ ਮਾਮਲਾ ਦਰਜ ਕਰਵਾਇਆ।