ਜਲਦ ਖੁੱਲਣਗੇ ਡੇਰਾ ਰਾਧਾ ਸੁਆਮੀ ਬਿਆਸ ਦੇ ਸਤਸੰਗ ਡੇਰੇ

by vikramsehajpal

ਬਿਆਸ (ਦੇਵ ਇੰਦਰਜੀਤ) : ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਕੋਵਿਡ-19 ਦੇ ਚੱਲਦਿਆਂ ਭਾਰਤ ਵਿਚਲੇ ਸਾਰੇ ਸਤਿਸੰਗ ਘਰਾਂ ’ਚ ਹੁੰਦੇ ਆ ਰਹੇ ਸਤਿਸੰਗ ਪ੍ਰੋਗਰਾਮਾਂ ਨੂੰ ਰੱਦ ਕਰ ਦਿਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਦੂਰ ਦੁਰੇਡੇ ਤੋਂ ਡੇਰਾ ਬਿਆਸ ਆਉਣ ਵਾਲੇ ਸ਼ਰਧਾਲੂਆਂ ਅਤੇ ਐੱਨ.ਆਰ.ਆਈਜ਼. ਦੀ ਆਮਦ ’ਤੇ ਵੀ ਰੋਕ ਲਾ ਦਿੱਤੀ ਗਈ ਸੀ, ਜਿਸ ਕਾਰਨ ਕਰੀਬ ਦੋ ਸਾਲ ਤੋਂ ਸੰਗਤਾਂ ਡੇਰਾ ਬਿਆਸ ਅਤੇ ਸਤਿਸੰਗ ਘਰਾਂ ਨਾਲ ਜੁੜ ਨਹੀਂ ਸਕੀਆਂ ਸਨ।

ਦੇਸ਼ ’ਚ ਹਾਲਾਤ ਆਮ ਵਰਗੇ ਹੋਣ ’ਤੇ ਡੇਰਾ ਬਿਆਸ ਦੇ ਪ੍ਰਬੰਧਕਾਂ ਵੱਲੋਂ ਦੇਸ਼ ਭਰ ਦੇ ਸੈਂਟਰਾਂ ਅਤੇ ਸਬ-ਸੈਂਟਰਾ ’ਚ ਸਤਿਸੰਗ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ 500 ਤੱਕ ਮਰਦਾਂ-ਔਰਤਾਂ ਦੀ ਸਮਰੱਥਾ ਵਾਲੇ ਪੰਡਾਲ ਨੂੰ ਇਜਾਜ਼ਤ ਮਿਲੀ ਹੈ । ਇਸ ਦੌਰਾਨ ਡਬਲਊ. ਐੱਚ. ਓ. ਵੱਲੋਂ ਜਾਰੀ ਗਾਈਡਲਾਈਨਜ਼ ਅਤੇ ਸੋਸ਼ਲ ਡਿਸਟੈਂਸ ਨੂੰ ਬਰਕਰਾਰ ਰੱਖਣ ਦੀ ਹਦਾਇਤ ਵੀ ਕੀਤੀ ਗਈ ਹੈ।

1 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਇਹ ਹਫਤਾਵਾਰੀ ਕਵਾਇਦ ਦੇ ਚੱਲਦਿਆਂ ਹਰੇਕ ਐਤਵਾਰ ਸਵੇਰ ਸਮੇਂ ਸਤਿਸੰਗ ਫਰਮਾਇਆ ਜਾ ਰਿਹਾ ਹੈ, ਜਿਸ ਦਾ ਸੰਗਤਾਂ ਵੱਲੋਂ ਫਾਇਦਾ ਲਿਆ ਜਾ ਰਿਹਾ ਹੈ। ਡੇਰਾ ਬਿਆਸ ਵੱਲੋਂ ਕੀਤੇ ਗਏ ਇਸ ਅਹਿਮ ਫੈਸਲੇ ਤੋਂ ਬਾਅਦ ਡੇਰਾ ਬਿਆਸ ਨਾਲ ਜੁੜੀਆਂ ਸੰਗਤਾਂ ਅਤੇ ਸ਼ਰਧਾਲੂਆਂ ਦੇ ਮਨਾਂ ਵਿਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।