
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਦੇ ਅਹਿਆਪੁਰ ਦੇ ਰਹਿਣ ਵਾਲੀ ਇਕ ਧੀ ਨੇ ਕਿਡਨੀ ਫੇਲ੍ਹ ਹੋਣ ਦੇ ਬਾਵਜੂਦ ਵੀ ਆਪਣੀ ਮਿਹਨਤ ਨਾਲ NEET ਦੀ ਪ੍ਰੀਖਿਆ 'ਚ 977 ਵਾਂ ਰੈਂਕ ਹਾਸਲ ਕੀਤਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਆਪਣੀ ਧੀ ਰਾਧਿਕਾ 'ਤੇ ਉਸਦੇ ਮਾਪੇ ਰੁਚੀ ਤੇ ਅਮਿਤ ਫ਼ਖਰ ਕਰ ਰਹੇ ਹਨ। ਦੱਸਿਆ ਜਾ ਰਿਹਾ ਕਿ ਰਾਧਿਕਾ ਨੇ ਹਾਲਾਤਾਂ ਨਾਲ ਲੜਦੇ ਆਪਣੀ ਸਖਤ ਮਿਹਨਤ ਨਾਲ ਮੁਕਾਮ ਨੂੰ ਹਾਸਲ ਕੀਤਾ। ਰਾਧਿਕਾ ਦੇ ਮਾਤਾ -ਪਿਤਾ ਨੇ ਕਿਹਾ ਕਿ ਕੈਂਬਰਿਜ ਸਕੂਲ ਦਸੂਹਾ ਤੋਂ ਪੜਾਈ ਕਰਨ ਵਾਲੀ ਰਾਧਿਕਾ 2020 'ਚ NEET ਦੀ ਤਿਆਰੀ ਸਮੇ ਹੀ ਕਿਡਨੀ ਰੋਗ ਨਾਲ ਪੀੜਤ ਹੋ ਗਈ ਤੇ ਉਸਦੀਆਂ ਦੋਵੇ ਕਿਡਨੀਆਂ ਫੇਲ੍ਹ ਹੋ ਗਈਆਂ ਸੀ । ਇਸ ਦੌਰਾਨ ਉਸਦੀ ਮਾਂ ਨੇ ਆਪਣੀ ਇਕ ਕਿਡਨੀ ਦਿੱਤੀ, ਕਿਡਨੀ ਟਰਾਂਸਪਲਾਂਟ ਹੋਣ ਤੋਂ ਬਾਅਦ ਉਹ ਲਗਾਤਾਰ ਮੈਡੀਕਲ ਦੀ ਨਿਹਰਾਨੀ 'ਚ ਰਹੀ ਤੇ ਉਸ ਨੇ ਬਿਨਾਂ ਕੋਚਿੰਗ ਦੇ ਸਖਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ।