ਰੂਸੀ ਫ਼ੌਜ ਵੱਲੋਂ ਬੰਦੀ ਯੂਕ੍ਰੇਨੀ ਮਹਿਲਾ ਸੈਨਿਕਾਂ ਨਾਲ ਕੀਤਾ ਜਾ ਰਿਹਾ ਦੁਰਵਿਵਹਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ਨੇ ਕਿਹਾ ਹੈ ਕਿ ਰੂਸੀ ਫ਼ੌਜ ਨਾਲ ਮੁਕਾਬਲਾ ਕਰਨ ਦੌਰਾਨ ਬੰਦੀ ਬਣਾਈਆਂ ਗਈਆਂ ਯੂਕ੍ਰੇਨੀ ਮਹਿਲਾ ਸੈਨਿਕਾਂ 'ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ। ਯੂਕ੍ਰੇਨ ਦੇ ਮਨੁੱਖੀ ਅਧਿਕਾਰਾਂ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ 12 ਤੋਂ ਵੱਧ ਯੂਕ੍ਰੇਨੀ ਮਹਿਲਾ ਸੈਨਿਕ ਰੂਸੀ ਫ਼ੌਜ ਦੇ ਕਬਜ਼ੇ ਵਿੱਚ ਹਨ ਅਤੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ।

ਰੂਸੀ ਫ਼ੌਜ ਨੇ 86 ਬੰਦੀ ਯੂਕ੍ਰੇਨੀ ਸੈਨਿਕਾਂ ਨੂੰ ਰਿਹਾਅ ਕੀਤਾ, ਜਿਸ ਵਿਚ 15 ਮਹਿਲਾ ਸਿਪਾਹੀ ਵੀ ਸ਼ਾਮਲ ਸਨ। ਡੇਨੀਸੋਵਾ ਨੇ ਦਾਅਵਾ ਕੀਤਾ ਕਿ ਮਰਦਾਂ ਦੇ ਸਾਹਮਣੇ ਮਹਿਲਾ ਸਿਪਾਹੀਆਂ ਦੇ ਸਾਰੇ ਕੱਪੜੇ ਉਤਾਰੇ ਗਏ, ਉਨ੍ਹਾਂ ਦੇ ਵਾਲ ਕੱਟੇ ਗਏ ਅਤੇ ਉਨ੍ਹਾਂ ਦਾ ਮਨੋਬਲ ਡੇਗਣ ਲਈ ਉਨ੍ਹਾਂ ਤੋਂ ਉਸੇ ਹਾਲਤ ਵਿੱਚ ਪੁੱਛਗਿੱਛ ਕੀਤੀ ਗਈ। ਡੇਨੀਸੋਵਾ ਨੇ ਕਿਹਾ ਕਿ ਮੈਂ ਸੰਯੁਕਤ ਰਾਸ਼ਟਰ ਕਮਿਸ਼ਨ ਨੂੰ ਯੂਕ੍ਰੇਨ ਵਿੱਚ ਰੂਸੀ ਫ਼ੌਜ ਦੁਆਰਾ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦੀ ਜਾਂਚ ਕਰਨ ਦੀ ਅਪੀਲ ਕਰਦੀ ਹਾਂ, ਜਿਸ ਵਿੱਚ ਓਐਸਸੀਈ ਦੇ ਮਾਹਰ ਸ਼ਾਮਲ ਕੀਤੇ ਜਾਣ ਜੋ ਯੂਕ੍ਰੇਨੀ ਯੁੱਧ ਕੈਦੀਆਂ ਦੇ ਅਧਿਕਾਰਾਂ ਦੀ ਰੂਸ ਦੁਆਰਾ ਕੀਤੀ ਜਾ ਰਹੀ ਉਲੰਘਣਾ ਦੇ ਮਾਮਲਿਆਂ ਦੀ ਜਾਂਚ ਕਰਨ।

ਜਾਣਕਾਰੀ ਅਨੁਸਾਰ ਯੂਕ੍ਰੇਨ ਦੇ ਯੁੱਧ ਕੈਦੀਆਂ ਨਾਲ ਰੂਸੀ ਫ਼ੌਜ ਦੁਆਰਾ ਕੁੱਟਮਾਰ ਕੀਤੀ ਜਾ ਰਹੀ ਹੈ ਉਹਨਾਂ ਨੂੰ ਭੁੱਖੇ ਰੱਖਿਆ ਜਾ ਰਿਹਾ ਹੈ ਅਤੇ ਉਹ ਫ੍ਰੋਸਟਬਾਈਟ ਨਾਲ ਜੂਝ ਰਹੇ ਹਨ। ਪਿਛਲੇ ਇੱਕ ਹਫ਼ਤੇ ਤੋਂ ਇਸ ਮਾਮਲੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਦੋਵਾਂ ਧਿਰਾਂ ਨੇ 86 ਕੈਦੀਆਂ ਨੂੰ ਰਿਹਾਅ ਕੀਤਾ ਸੀ।