ਦਿੱਲੀ ਲਾਲ ਕਿਲ੍ਹੇ ਮਾਮਲੇ ਵਿੱਚ ਤਿਹਾੜ ਜੇਲ੍ਹ ਤੋਂ ਰਿਹਾਅ ਹੋਇਆ ਨੌਜਵਾਨ ਧਰਮਿੰਦਰ ਸਿੰਘ

by vikramsehajpal

ਰੂਪਨਗਰ,(ਦੇਵ ਇੰਦਰਜੀਤ) :ਪਿੰਡ ਘਨੌਲੀ ਵਾਸੀ ਨੌਜਵਾਨ ਧਰਮਿੰਦਰ ਸਿੰਘ ਹਰਮਨ ਦਾ ਕਿਸਾਨ ਮੋਰਚਾ ਦੇ ਆਗੂਆਂ ਵਲੋਂ ਟੋਲ ਪਲਾਜ਼ਾ ਸੋਲਖੀਆਂ ਵਿਖੇ ਜ਼ੋਰਦਾਰ ਸਵਾਗਤ ਕੀਤਾ ਜੋ ਕਿ ਅੱਜ ਹੀ ਤਿਹਾੜ ਜੇਲ੍ਹ ਦਿੱਲੀ ਤੋਂ ਰਿਹਾਅ ਹੋਇਆ ਹੈ।ਨੇੜਲੇ ਪਿੰਡ ਦੇ ਕਿਸਾਨ ਅਤੇ ਹੋਰ ਸਮਾਜਸੇਵੀ ਜਥੇਬੰਦੀਆਂ ਦੇ ਮੈਂਬਰ ਪਹੁੰਚੇ ਹੋਏ ਸਨ। ਇਸ ਮੌਕੇ ਧਰਮਿੰਦਰ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੇ ਕੇਂਦਰ ਸਰਕਾਰ ਦੀਆਂ ਚੂਲਾਂ ਹਲਾ ਕੇ ਰੱਖ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਦਿੱਲੀ ਲਾਲ ਕਿਲ੍ਹੇ ਵਾਲੇ ਮਾਮਲੇ ਵਿੱਚ ਪੁਲਿਸ ਨੇ ਦਿੱਲੀ ਤੋਂ ਚੁੱਕਿਆ ਸੀ, ਪੁਲਿਸ ਨੇ ਬਹੁਤ ਤਰੀਕਿਆਂ ਨਾਲ ਮੇਰੇ ਤੋਂ ਪੁੱਛਗਿੱਛ ਕੀਤੀ, ਜਿਆਦਾ ਜ਼ੋਰ ਕਿਸਾਨ ਮੋਰਚਾ ਨੂੰ ਪੈਸੇ ਕਿੱਥੋਂ ਆ ਰਹੇ ਹਨ, ਬਾਰੇ ਪੁੱਛਿਆ ਜਾਂਦਾ ਸੀ।

ਧਰਮਿੰਦਰ ਸਿੰਘ ਹਰਮਨ ਨੇ ਕਿਹਾ ਕਿ ਲੰਗਰਾਂ ਦੇ ਪ੍ਰਬੰਧਾਂ ਬਾਰੇ ਪੁੱਛਦੇ ਰਹੇ ਪਰ ਅਸੀ ਇੱਕੋ ਜਵਾਬ ਦਿੱਤਾ ਕਿ ਇਹ ਕਿਸਾਨੀ ਸੰਘਰਸ਼ ਲੋਕ ਚਲਾ ਰਹੇ ਹਨ, ਗੁਰੂ ਦੇ ਬਖਸ਼ੇ ਲੰਗਰ ਚੱਲ ਰਹੇ ਹਨ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਐਨੀ ਕਿ੍ਰਪਾ ਰਹੀ ਕਿ ਅਡੋਲ ਖੜ੍ਹੇੇ ਰਹੇ। ਉਨ੍ਹਾਂ ਕਿਹਾ ਕਿ ਮੈਂ ਕਿਸਾਨ ਜੱਥੇਬੰਦੀਆਂ ਅਤੇ ਆਪਣੇ ਨਗਰ ਨਿਵਾਸੀਆ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਵੀਰਵਾਰ ਨੂੰ ਰਿਹਾਈ ਹੋਈ ਹੈ।