ਬੇਅਦਬੀ ਮਾਮਲਾ : ਡੇਰਾ ਮੁਖੀ ਰਾਮ ਰਹੀਮ video conferencing ਰਾਹੀਂ ਅਦਾਲਤ ‘ਚ ਹੋਏ ਪੇਸ਼

by jaskamal

ਨਿਊਜ਼ ਡੈਸਕ : ਬਰਗਾੜੀ ਵਿਖੇ ਸਾਲ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਹੋਈ ਬੇਅਦਬੀ ਦੇ ਤਿੰਨਾਂ ਕੇਸਾਂ ਜਿਨ੍ਹਾਂ 'ਚ ਡੇਰਾ ਮੁਖੀ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਗਿਆ ਹੈ, ਦੀ ਬੁੱਧਵਾਰ ਵੀਡੀਓ ਕਾਨਫਰੰਸਿੰਗ ਰਾਹੀਂ ਸਥਾਨਕ ਮਾਣਯੋਗ ਸੀਜੇਐੱਮ ਦੀ ਅਦਾਲਤ 'ਚ ਸੁਣਵਾਈ ਹੋਈ। ਇਸ ਤੋਂ ਇਲਾਵਾ ਇਨ੍ਹਾਂ ਮਾਮਲਿਆਂ ਦੇ 7 ਹੋਰ ਦੋਸ਼ੀ ਵੀ ਅਦਾਲਤ 'ਚ ਪੇਸ਼ ਹੋਏ।

ਬਚਾਅ ਪੱਖ ਦੇ ਐਡਵੋਕੇਟ ਕੇਵਲ ਬਰਾੜ ਤੇ ਹਰੀਸ਼ ਛਾਬੜਾ ਨੇ ਦੱਸਿਆ ਕਿ ਅੱਜ ਦੀ ਸੁਣਵਾਈ 'ਤੇ ਮਾਣਯੋਗ ਅਦਾਲਤ ਪਾਸੋਂ ਚਲਾਨ ਦੀਆਂ ਕਾਪੀਆਂ ਦੀ ਮੰਗ ਕੀਤੀ ਗਈ, ਜੋ ਹਾਲੇ ਤਕ ਉਨ੍ਹਾਂ ਨੂੰ ਨਹੀਂ ਮਿਲੀਆਂ ਤੇ ਅਦਾਲਤ ਵੱਲੋਂ ਅਗਲੀ ਸੁਣਵਾਈ 16 ਮਈ ਨਿਰਧਾਰਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਹੁਣ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਪਹਿਲਾਂ ਮਾਣਯੋਗ ਜੇਐੱਮਆਈਸੀ ਦੀ ਅਦਾਲਤ 'ਚ ਹੁੰਦੀ ਸੀ ਪਰ ਇਸ ਨੂੰ ਸੀਜੇਐੱਮ ਦੀ ਅਦਾਲਤ 'ਚ ਤਬਦੀਲ ਕਰ ਦਿੱਤਾ ਗਿਆ।