ਟਰੰਪ ਦਾ ਚੀਨ ਨੂੰ ਵੱਡਾ ਝਟਕਾ, ਚੀਨੀ ਕੰਪਨੀਆਂ ‘ਚ ਰੋਕਿਆ ਅਮਰੀਕੀ ਨਿਵੇਸ਼

by vikramsehajpal

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਚੀਨ ਦੀਆਂ 31 ਕੰਪਨੀਆਂ ਵਿਚ ਅਮਰੀਕੀ ਨਿਵੇਸ਼ 'ਤੇ ਰੋਕ ਲਗਾਉਣ ਵਾਲੇ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਹਨ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਦਾ ਕੰਟਰੋਲ ਚੀਨੀ ਫ਼ੌਜ ਦੇ ਹੱਥਾਂ ਵਿਚ ਹੈ।ਦੱਸ ਦਈਏ ਕੀ ਟਰੰਪ ਨੇ ਇਸ ਕਾਰਜਕਾਰੀ ਆਦੇਸ਼ 'ਤੇ ਵੀਰਵਾਰ ਨੂੰ ਦਸਤਖ਼ਤ ਕੀਤੇ। ਇਸ ਆਦੇਸ਼ ਮੁਤਾਬਕ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੀਆਂ ਕੰਪਨੀਆਂ ਵਿਚ ਕਿਸੇ ਵੀ ਰੂਪ ਵਿਚ ਨਿਵੇਸ਼ ਕਰਨ ਵਾਲੇ ਸ਼ੇਅਰਾਂ ਦੀ ਖ਼ਰੀਦ 'ਤੇ ਪਾਬੰਦੀ ਲਗਾਈ ਗਈ ਹੈ।

ਟਰੰਪ ਨੇ ਆਪਣੇ ਕਾਰਜਕਾਰੀ ਆਦੇਸ਼ ਵਿਚ ਕਿਹਾ ਕਿ ਚੀਨ ਆਪਣੀ ਸਮਰੱਥਾ ਵਧਾਉਣ ਲਈ ਅਮਰੀਕੀ ਪੂੰਜੀ ਦੀ ਵਰਤੋਂ ਕਰ ਰਿਹਾ ਹੈ ਅਤੇ ਆਪਣੀ ਫ਼ੌਜ, ਖ਼ੁਫ਼ੀਆ ਸੇਵਾ ਅਤੇ ਹੋਰ ਸੁਰੱਖਿਆ ਲੋੜਾਂ ਦਾ ਵਿਕਾਸ ਅਤੇ ਆਧੁਨਿਕੀਕਰਨ ਕਰ ਰਿਹਾ ਹੈ ਜਿਸ ਨਾਲ ਅਮਰੀਕੀ ਫ਼ੌਜ ਨੂੰ ਸਿੱਧੇ ਚੁਣੌਤੀ ਦਿੱਤੀ ਜਾ ਸਕਦੀ ਹੈ।

ਇਹ ਆਦੇਸ਼ 31 ਚੀਨੀ ਕੰਪਨੀਆਂ 'ਤੇ ਲਾਗੂ ਹੈ ਜਿਨ੍ਹਾਂ ਦੇ ਬਾਰੇ ਵਿਚ ਟਰੰਪ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਚੀਨ ਦੀ ਫ਼ੌਜ ਦੇ ਵਿਕਾਸ ਅਤੇ ਆਧੁਨਿਕੀਕਰਨ ਵਿਚ ਮਦਦ ਮਿਲ ਰਹੀ ਹੈ ਅਤੇ ਉਹ ਸਿੱਧੇ ਅਮਰੀਕੀ ਸੁਰੱਖਿਆ ਨੂੰ ਖ਼ਤਰਾ ਹੈ।