ਵਿਧਾਨ ਸਭਾ ਕੰਪਲੈਕਸ ‘ਚ ਲੱਗਣਗੇ ਡਾ. ਅੰਬੇਡਕਰ, ਭਗਤ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ, ਮਤਾ ਪਾਸ

by jaskamal

ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਦੇ ਮੰਗਲਵਾਰ ਤੀਜੇ ਅਤੇ ਆਖ਼ਰੀ ਦਿਨ ਵਿਧਾਨ ਸਭਾ ਵੱਲੋਂ ਵਿਧਾਨ ਸਭਾ ਕੰਪਲੈਕਸ ਵਿਖੇ ਡਾ.ਬੀ.ਆਰ.ਅੰਬੇਦਕਰ, ਭਗਤ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲਗਾਉਣ ਦਾ ਮਤਾ ਪਾਸ ਕੀਤਾ ਗਿਆ। ਦੱਸਣਯੋਗ ਹੈ ਕਿ ਭਗਵੰਤ ਮਾਨ ਵੱਲੋਂ ਸਹੁੰ ਵੀ ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਦੇ ਜੱਦੀ) ਪਿੰਡ ਵਿਖੇ ਹੀ ਚੁੱਕੀ ਗਈ ਸੀ ਤੇ ਉਨ੍ਹਾਂ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਹੀ 23 ਮਾਰਚ ਨੂੰ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ ਗਿਆ ਹੈ।

ਦੱਸ ਦੇਈਏ ਕਿ ਅੱਜ ਸੀਐੱਮ ਮਾਨ ਸਰਕਾਰ ਦੇ ਪਹਿਲੇ ਵਿਧਾਨ ਸਭਾ ਸੈਸ਼ਨ ਦਾ ਤੀਸਰਾ ਤੇ ਆਖਰੀ ਦਿਨ ਹੈ। ਸੀ.ਐੱਮ. ਮਾਨ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਸ਼ਹੀਦ ਭਗਤ ਸਿੰਘ ਤੇ ਸੰਵਿਧਾਨ ਨਿਰਮਾਤਾ ਡਾ. ਭੀਮਰਾਵ ਅੰਬੇਡਕਰ ਦੀ ਮੂਰਤੀ ਲੱਗੇਗੀ। ਕਾਂਗਰਸ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਇੱਕ ਚੰਗਾ ਕਦਮ ਦੱਸਿਆ। ਅੱਜ ਆਖਰੀ ਦਿਨ ਰਾਜਪਾਲ ਦੇ ਭਾਸ਼ਣ ‘ਤੇ ਧੰਨਵਾਦ ਦੇ ਪ੍ਰਸਤਾਵ ‘ਤੇ ਬਹਿਸ ਵਿਧਾਨ ਸਭਾ ਦੇ ਅਗਲੇ ਸੈਸ਼ਨ ਤੱਕ ਟਾਲ ਦਿੱਤੀ ਗਈ। ਮਾਨ ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ 23 ਮਾਰਚ ਨੂੰ ਐਂਟੀ-ਕੁਰੱਪਸ਼ਨ ਨੰਬਰ ਜਾਰੀ ਕਰਨਗੇ।