
ਅੰਮ੍ਰਿਤਸਰ (ਰਾਘਵ): ਡਾਇਰੈਕਟੋਰੇਟ ਰੈਵੀਨਿਊ ਇੰਟੈਲੀਜੈਂਸ (DRI) ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਵਿਦੇਸ਼ ਤੋਂ ਆਏ ਇਕ ਯਾਤਰੀ ਤੋਂ 41,400 ਅਮਰੀਕੀ ਡਾਲਰ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ। ਭਾਰਤੀ ਮੁਦਰਾ ਵਿਚ ਇਸ ਦੀ ਕੀਮਤ 35.40 ਲੱਖ ਰੁਪਏ ਹੈ। ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਡੀਆਰਆਈ ਅੰਮ੍ਰਿਤਸਰ ਦੀ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ 29 ਮਈ ਨੂੰ ਏਅਰ ਇੰਡੀਆ ਐਕਸਪ੍ਰੈਸ ਫਲਾਈਟ ਰਾਹੀਂ ਦੁਬਈ ਤੋਂ ਆਏ ਇਕ ਯਾਤਰੀ ਨੂੰ ਹਵਾਈ ਅੱਡੇ 'ਤੇ ਰੋਕਿਆ। ਇਸ ਤੋਂ ਬਾਅਦ ਜਦੋਂ ਉਸ ਦੇ ਸਮਾਨ ਦੀ ਜਾਂਚ ਕੀਤੀ ਗਈ ਤਾਂ ਸਾਮਾਨ ਵਿਚ ਲੁਕਾਈ ਗਈ 41,400 ਅਮਰੀਕੀ ਡਾਲਰ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ। ਇਸ ਵਿਦੇਸ਼ੀ ਕਰੰਸੀ ਦੀ ਕੀਮਤ ਲਗਪਗ 35.40 ਲੱਖ ਰੁਪਏ ਦੱਸੀ ਜਾ ਰਹੀ ਹੈ।
ਕਿਉਂਕਿ ਇਹ ਵਿਦੇਸ਼ੀ ਕਰੰਸੀ ਆਰਬੀਆਈ ਦੀ ਨਿਰਧਾਰਤ ਸੀਮਾ ਤੋਂ ਬਾਹਰ ਹੈ, ਇਸ ਲਈ ਡੀਆਰਆਈ ਨੇ ਇਸ ਨੂੰ ਕਸਟਮ ਐਕਟ 1962 ਦੇ ਤਹਿਤ ਜ਼ਬਤ ਕਰ ਲਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿੱਤੀ ਲਾਭ ਹਾਸਲ ਕਰਨ ਲਈ ਵਿਦੇਸ਼ੀ ਕਰੰਸੀ ਦੀ ਤਸਕਰੀ ਕਰ ਰਿਹਾ ਸੀ। ਇੱਕ ਮਹੀਨੇ ਦੇ ਅੰਦਰ ਡੀਆਰਆਈ ਨੇ ਵਿਦੇਸ਼ੀ ਕਰੰਸੀ ਦਾ ਦੂਜਾ ਮਾਮਲਾ ਫੜਿਆ ਹੈ। ਇਸ ਤੋਂ ਪਹਿਲਾਂ 3 ਮਈ ਨੂੰ ਡੀਆਰਆਈ ਨੇ ਹਵਾਈ ਅੱਡੇ 'ਤੇ ਇੱਕ ਵਿਅਕਤੀ ਨੂੰ 2.66 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਸੀ।