Amritsar Police Action: ਈ-ਰਿਕਸ਼ਾ ‘ਚ ਨਸ਼ੇ ਦੀ ਤਸਕਰੀ ਕਰਨ ਵਾਲੇ ਕਾਬੂ, ਢਾਈ ਕਿਲੋ ਹੈਰੋਇਨ ਬਰਾਮਦ

by jaskamal

(ਨਿਊਜ਼ ਡੈਸਕ) : ਅੰਮ੍ਰਿਤਸਰ ਸੀਆਈਏ ਸਟਾਫ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਢਾਈ ਕਿੱਲੋ ਹੈਰੋਇਨ ਤੇ 13 ਲੱਖ 54 ਦੀ ਡਰੱਗ ਮਨੀ ਸਣੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਅੰਮ੍ਰਿਤਸਰ ਸੀਆਈਏ ਸਟਾਫ ਨੂੰ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਕੁਝ ਤਸਕਰ ਅੰਮ੍ਰਿਤਸਰ ਵਿੱਚ ਵੱਖ-ਵੱਖ ਥਾਵਾਂ ਉਤੇ ਵੇਚ ਰਹੇ ਹਨ।


ਇਸ ਉੱਤੇ ਕਾਰਵਾਈ ਕਰਦਿਆਂ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ 'ਚੋਂ ਇੱਕ ਵਿਅਕਤੀ ਈ-ਰਿਕਸ਼ਾ ਚਲਾਉਂਦਾ ਹੈ ਅਤੇ ਇਹ ਈ-ਰਿਕਸ਼ਾ 'ਤੇ ਹੀ ਨਸ਼ਾ ਵੇਚਣ ਦਾ ਕੰਮ ਕਰਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਈ-ਰਿਕਸ਼ਾ ਨੂੰ ਚੈਕਿੰਗ ਲਈ ਘੱਟ ਹੀ ਰੋਕਿਆ ਜਾਂਦਾ ਹੈ। ਇਸ ਲਈ ਇਨ੍ਹਾਂ ਵੱਲੋਂ ਈ-ਰਿਕਸ਼ਾ ਦਾ ਸਹਾਰਾ ਲਿਆ ਗਿਆ।

ਫਿਲਹਾਲ ਪੁਲਿਸ ਵੱਲੋਂ ਅਰਸ਼ ਮੱਟੂ ਤੇ ਉਸਦੇ ਦੋ ਸਾਥੀਆਂ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਕੋਲੋਂ ਪਹਿਲਾਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਅਤੇ ਬਾਅਦ 'ਚ ਸਖਤੀ ਨਾਲ ਪੁੱਛਗਿੱਛ ਕਰਨ 'ਤੇ ਡੇਢ ਕਿੱਲੋ ਹੈਰੋਇਨ ਇਹਨਾਂ ਵੱਲੋਂ ਹੋਰ ਬਰਾਮਦ ਕਰਵਾਈ ਗਈ। ਇਸ ਤੋਂ ਇਲਾਵਾ 13 ਲੱਖ 54 ਹਜ਼ਾਰ ਦੀ ਡਰੱਗ ਮਣੀ ਵੀ ਪੁਲਿਸ ਨੂੰ ਬਰਾਮਦ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਤਿੰਨਾਂ ਵਿਅਕਤੀਆਂ ਦਾ ਅਦਾਲਤ ਤੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਹੋਇਆ ਹੈ। ਇਨ੍ਹਾਂ ਤੋਂ ਹੋਰ ਸਖਤੀ ਨਾਲ ਪੁੱਛਗਿਛ ਵੀ ਕੀਤੀ ਜਾ ਰਹੀ ਹੈ।