ਕੇਲਿਆਂ ਦੇ ਟਰੱਕ ਵਿੱਚ ਯੂਰਪ ਭੇਜੀ ਜਾ ਰਹੀ 76 ਮਿਲੀਅਨ ਪੌਂਡ ਦੀ ਕੋਕੀਨ ਬਰਾਮਦ

by vikramsehajpal

ਗਲਾਸਗੋ (ਦੇਵ ਇੰਦਰਜੀਤ)- ਯੂਕੇ ਵਿੱਚ ਨਸ਼ਿਆਂ ਦੀ ਸਮੱਗਲਿੰਗ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਦੇਸ਼ ਵਿੱਚ ਵਧਦੇ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਸਰਕਾਰ ਵੱਲੋਂ ਸਖਤ ਯਤਨ ਕੀਤੇ ਜਾ ਰਹੇ ਹਨ।

ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਬਾਰਡਰ ਪੁਲਸ ਨੇ ਸਾਊਥੈਂਪਟਨ ਦੀ ਬੰਦਰਗਾਹ `ਤੇ ਕੇਲਿਆਂ ਦੇ ਇੱਕ ਟਰੱਕ ਵਿੱਚ ਲੁਕੋ ਕੇ ਯੂਰਪ ਵੱਲ ਭੇਜੀ ਜਾ ਰਹੀ ਕੋਕੀਨ ਦੀ ਇੱਕ ਵੱਡੀ ਖੇਪ ਫੜੀ ਹੈ। ਪੁਲਸ ਅਧਿਕਾਰੀਆਂ ਵੱਲੋਂ ਬੀਤੇ ਸ਼ੁੱਕਰਵਾਰ ਰੋਜ਼ਾਨਾ ਜਾਂਚ ਦੌਰਾਨ ਜ਼ਬਤ ਕੀਤੀ ਗਈ ਕਰੀਬ 946 ਕਿਲੋ ਕੋਕੀਨ ਦੀ ਕੀਮਤ ਲਗਭਗ 76 ਮਿਲੀਅਨ ਪੌਂਡ ਦੱਸੀ ਗਈ ਹੈ। ਪੁਲਸ ਨੇ ਦੱਸਿਆ ਕਿ ਵੱਡੀ ਮਾਤਰਾ ਵਿੱਚ ਕੋਕੀਨ ਦੀ ਇਹ ਖੇਪ ਕੋਲੰਬੀਆ ਤੋਂ ਵਪਾਰਕ ਸਮੁੰਦਰੀ ਜਹਾਜ਼ ਵਿੱਚ ਇੱਕ ਕੰਟੇਨਰ ਵਿੱਚ ਲੁਕਾ ਕੇ ਬੈਲਜੀਅਮ ਦੇ ਐਂਟਵਰਪ ਵਿੱਚ ਭੇਜਣ ਦੀ ਸੰਭਾਵਨਾ ਹੈ।

ਬਾਰਡਰ ਪੁਲਸ ਦੀ ਇਸ ਕਾਰਵਾਈ ਲਈ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ਵਿੱਚ ਵੀ ਅਧਿਕਾਰੀਆਂ ਨੇ ਡੋਵਰ ਪੋਰਟ `ਤੇ ਫਲਾਂ ਦੀਆਂ ਪੇਟੀਆਂ ਵਿੱਚ ਲੁਕੋ ਕੇ ਸਮੱਗਲ ਕੀਤੀ ਜਾ ਰਹੀ ਇੱਕ ਟਨ ਦੇ ਕਰੀਬ ਕੋਕੀਨ ਜ਼ਬਤ ਕੀਤੀ ਸੀ।