10 ਲੱਖ ਦੀ ਰਿਸ਼ਵਤ ਲੈਂਦਾ ਡੀਐਸਪੀ ਆਇਆ ਅੜਿੱਕੇ

by jaskamal

ਨਿਊਜ਼ ਡੈਸਕ: ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਫਰੀਦਕੋਟ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ ਲਖਵੀਰ ਸਿੰਘ ਨੂੰ ਡਰੱਗ ਸਪਲਾਇਰ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਦੱਸਿਆ ਕਿ ਦੋਸ਼ੀ ਡੀਐਸਪੀ ਨੇ ਇਹ ਪੈਸਾ ਨਸ਼ਾ ਤਸਕਰ ਦਾ ਨਾਂਅ ਤਰਨਤਾਰਨ 'ਚ ਐਨਡੀਪੀਐਸ ਤਿਹਤ ਦਰਜ ਇੱਕ ਐਫਆਈਆਰ ਤੋਂ ਬਾਹਰ ਰੱਖਣ ਲਈ ਲਿਆ।

ਇਹ ਘਟਨਾ ਉਦੋਂ ਵਾਪਰੀ ਜਦੋਂ ਤਰਨਤਾਰਨ ਜ਼ਿਲ੍ਹਾ ਪੁਲਿਸ ਨੇ ਐਤਵਾਰ ਨੂੰ ਪੱਟੀ ਮੋੜ ਨੇੜੇ ਇੱਕ ਪੈਟਰੋਲ ਪੰਪ ਤੋਂ ਪਿਸ਼ੋਰਾ ਸਿੰਘ ਵਜੋਂ ਇੱਕ ਨਸ਼ਾ ਸਪਲਾਇਰ ਨੂੰ 250 ਗ੍ਰਾਮ ਅਫੀਮ ਤੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਸੀ। ਤਰਨਤਾਰਨ ਦੇ ਪਿੰਡ ਮਾਡਲ ਬੋਪਾਰਾਏ ਦਾ ਵਸਨੀਕ ਪਿਸ਼ੌਰਾ 30 ਜੂਨ 2022 ਦੀ ਐਫਆਈਆਰ 'ਚ ਲੋੜੀਂਦਾ ਸੀ, ਜਿਸ 'ਚ ਤਰਨਤਾਰਨ ਦੇ ਪਿੰਡ ਮਾੜੀ ਮੇਘਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੂੰ 900 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।