ਸਿਡਨੀ (ਪਾਇਲ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ 62 ਸਾਲ ਦੀ ਉਮਰ 'ਚ ਆਪਣੀ ਸਾਥੀ ਜੋਡੀ ਹੇਡਨ ਨਾਲ ਵਿਆਹ ਕਰਵਾ ਲਿਆ। ਦੱਸ ਦੇਈਏ ਕਿ ਇਹ ਉਨ੍ਹਾਂ ਦਾ ਦੂਜਾ ਵਿਆਹ ਹੈ। ਵਿਆਹ ਸਮਾਗਮ ਕੈਨਬਰਾ ਵਿੱਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਦਿ ਲਾਜ’ ਦੇ ਬਗੀਚੇ ਵਿੱਚ ਇੱਕ ਨਿੱਜੀ ਸਮਾਗਮ ਵਜੋਂ ਹੋਇਆ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ ਵਿਆਹ ਕੀਤਾ ਹੈ।
ਸਮਾਰੋਹ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ। ਵਿਆਹ ਤੋਂ ਬਾਅਦ, ਅਲਬਾਨੀਜ਼ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਅਸੀਂ ਦੋਵੇਂ ਬਹੁਤ ਖੁਸ਼ ਹਾਂ। ਆਪਣੇ ਪਰਿਵਾਰਾਂ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ, ਅਸੀਂ ਇੱਕ ਦੂਜੇ ਨੂੰ ਸਾਡੀ ਬਾਕੀ ਦੀ ਜ਼ਿੰਦਗੀ ਲਈ ਇਕੱਠੇ ਰਹਿਣ ਦਾ ਵਾਅਦਾ ਕੀਤਾ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ 'ਤੇ "ਸ਼ਾਦੀ ਹੋ ਗਈ" ਲਿਖਿਆ ਅਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਆਪਣੀ ਮੁਸਕਰਾਉਂਦੀ ਦੁਲਹਨ ਦੇ ਨਾਲ, ਬੋ ਟਾਈ ਪਹਿਨੇ, ਹੱਥ ਫੜੇ ਦਿਖਾਈ ਦਿੱਤੇ।
ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਅਗਲੇ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਆਸਟ੍ਰੇਲੀਆ 'ਚ ਆਪਣਾ ਹਨੀਮੂਨ ਮਨਾਏਗਾ। ਪ੍ਰਧਾਨ ਮੰਤਰੀ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਹਨੀਮੂਨ ਦਾ ਸਾਰਾ ਖਰਚਾ ਅਲਬਾਨੀਜ਼ ਅਤੇ ਹੇਡਨ ਵੱਲੋਂ ਕੀਤਾ ਜਾਵੇਗਾ। ਅਲਬਾਨੀਜ਼ ਨੇ ਪਹਿਲਾਂ 2019 ਵਿੱਚ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ ਅਤੇ ਉਸਦਾ ਇੱਕ ਪੁੱਤਰ ਹੈ ਜਿਸਦਾ ਨਾਮ ਨਾਥਨ ਹੈ।
ਅਲਬਾਨੀਜ਼ ਨੇ ਵੈਲੇਨਟਾਈਨ ਡੇ 2024 'ਤੇ ਜੋਡੀ ਨੂੰ ਪ੍ਰਸਤਾਵਿਤ ਕਰਦੇ ਹੋਏ ਕਿਹਾ ਕਿ ਉਸਨੂੰ "ਜੀਵਨ ਭਰ ਦਾ ਸਾਥੀ ਮਿਲਿਆ ਹੈ।" ਦੱਸ ਦਇਏ ਕਿ ਜੋਡੀ ਹੇਡਨ ਨਾਲ ਉਹਨਾਂ ਦੀ ਮੁਲਾਕਾਤ ਲਗਭਗ ਪੰਜ ਸਾਲ ਪਹਿਲਾਂ ਮੇਲਬਰਨ ਵਿੱਚ ਇੱਕ ਬਿਜ਼ਨਸ ਡਿਨਰ ਦੌਰਾਨ ਹੋਈ ਸੀ। ਦੋਵਾਂ ਨੇ ਆਪਣੇ ਵਿਆਹ ਦੀਆਂ ਸਹੁੰਆਂ ਲਿਖੀਆਂ ਅਤੇ ਰਸਮੀ ਅਧਿਕਾਰੀ ਨੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ।



