ਤਾਈਪੇ (ਪਾਇਲ): ਤਾਈਵਾਨ ਦੇ ਉੱਤਰੀ-ਪੂਰਬੀ ਤੱਟ 'ਤੇ ਸ਼ਨੀਵਾਰ ਰਾਤ ਨੂੰ 7.0 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ, ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਭੂਚਾਲ ਕਾਰਨ ਰਾਜਧਾਨੀ ਤਾਈਪੇ ਵਿੱਚ ਵੱਡੀਆਂ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਹਿੱਲਣ ਲੱਗੀਆਂ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਸ਼ਕਤੀਸ਼ਾਲੀ ਭੂਚਾਲ ਸ਼ਨੀਵਾਰ ਰਾਤ ਨੂੰ 23:05 (11:05 PM) 'ਤੇ ਮਹਿਸੂਸ ਕੀਤਾ ਗਿਆ। ਤਾਈਵਾਨ ਦੀ ਕੇਂਦਰੀ ਮੌਸਮ ਏਜੰਸੀ (ਸੀਡਬਲਯੂਏ) ਦੇ ਅਨੁਸਾਰ, ਭੂਚਾਲ ਦਾ ਕੇਂਦਰ ਤੱਟੀ ਸ਼ਹਿਰ ਯਿਲਾਨ ਤੋਂ ਲਗਭਗ 32.3 ਕਿਲੋਮੀਟਰ ਪੂਰਬ ਵਿੱਚ ਸਮੁੰਦਰ ਦੇ ਹੇਠਾਂ ਸਥਿਤ ਸੀ।
ਭੂਚਾਲ ਦੀ ਤੀਬਰਤਾ ਨੂੰ ਦੇਖਦੇ ਹੋਏ ਨੈਸ਼ਨਲ ਫਾਇਰ ਏਜੰਸੀ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਮੌਸਮ ਵਿਭਾਗ ਨੇ ਫਿਲਹਾਲ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ। ਦੱਸ ਦਇਏ ਹੁਣ ਤੱਕ ਰਾਜਧਾਨੀ, ਤਾਈਪੇ, ਜਾਂ ਯਿਲਾਨ ਵਿੱਚ ਕਿਸੇ ਜਾਨੀ ਨੁਕਸਾਨ ਜਾਂ ਵੱਡੀ ਇਮਾਰਤ ਦੇ ਢਹਿ ਜਾਣ ਦੀ ਕੋਈ ਤੁਰੰਤ ਸੂਚਨਾ ਨਹੀਂ ਮਿਲੀ। ਹਾਲਾਂਕਿ, ਕੁਝ ਸੁਪਰਮਾਰਕੀਟਾਂ ਵਿੱਚ ਸਾਮਾਨ ਡਿੱਗਣ ਅਤੇ ਘਰਾਂ ਵਿੱਚ ਤਰੇੜਾਂ ਆਉਣ ਦੀਆਂ ਖਬਰਾਂ ਹਨ।
ਦੇਰ ਰਾਤ ਦੇ ਇਸ ਭੂਚਾਲ ਤੋਂ ਬਾਅਦ ਫਾਇਰ ਏਜੰਸੀ ਨੇ ਸੋਸ਼ਲ ਮੀਡੀਆ (ਐਕਸ) 'ਤੇ ਲੋਕਾਂ ਲਈ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜੇ ਤੁਹਾਨੂੰ ਝਟਕਾ ਲੱਗਦਾ ਹੈ, ਤਾਂ ਪਹਿਲਾਂ ਆਪਣੇ ਆਪ ਨੂੰ ਬਚਾਓ। ਰਾਤ ਨੂੰ ਬਿਸਤਰੇ ਦੇ ਨੇੜੇ ਜੁੱਤੇ ਅਤੇ ਫਲੈਸ਼ਲਾਈਟ ਰੱਖੋ ਤਾਂ ਜੋ ਲੋੜ ਪੈਣ 'ਤੇ ਤੁਸੀਂ ਮਲਬੇ ਜਾਂ ਸ਼ੀਸ਼ੇ ਤੋਂ ਬਚ ਸਕੋ। ਆਪਣੀ ਜਗ੍ਹਾ ਤੋਂ ਉਦੋਂ ਤੱਕ ਨਾ ਹਿੱਲੋ ਜਦੋਂ ਤੱਕ ਧਰਤੀ ਪੂਰੀ ਤਰ੍ਹਾਂ ਹਿੱਲਣਾ ਬੰਦ ਨਹੀਂ ਕਰ ਦਿੰਦੀ।
ਪਿਛਲਾ ਇੱਕ ਹਫ਼ਤਾ ਤਾਈਵਾਨ ਲਈ ਬਹੁਤ ਡਰਾਉਣਾ ਰਿਹਾ ਹੈ। ਸ਼ਨੀਵਾਰ ਨੂੰ 7.0 ਤੀਬਰਤਾ ਦਾ ਭੂਚਾਲ ਬੁੱਧਵਾਰ ਨੂੰ ਆਏ 6.1 ਤੀਬਰਤਾ ਵਾਲੇ ਭੂਚਾਲ ਦੇ ਸਿਰਫ ਤਿੰਨ ਦਿਨ ਬਾਅਦ ਆਇਆ। ਬੁੱਧਵਾਰ ਨੂੰ ਆਏ ਭੂਚਾਲ ਦਾ ਕੇਂਦਰ ਤਾਈਤੁੰਗ ਦੀ ਦੱਖਣ-ਪੂਰਬੀ ਕਾਉਂਟੀ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵਾਰ-ਵਾਰ ਝਟਕੇ ਇਮਾਰਤਾਂ ਦੀ ਨੀਂਹ ਨੂੰ ਕਮਜ਼ੋਰ ਕਰ ਸਕਦੇ ਹਨ।
ਤਾਈਵਾਨ ਦੁਨੀਆ ਦੇ ਸਭ ਤੋਂ ਸਰਗਰਮ ਭੂਚਾਲ ਵਾਲੇ ਖੇਤਰਾਂ ਵਿੱਚੋਂ ਇੱਕ ਹੈ। ਇਸ ਸਾਲ ਅਪ੍ਰੈਲ 'ਚ 7.4 ਤੀਬਰਤਾ ਦਾ ਭੂਚਾਲ ਆਇਆ ਸੀ, ਜੋ ਪਿਛਲੇ 25 ਸਾਲਾਂ 'ਚ ਸਭ ਤੋਂ ਵਿਨਾਸ਼ਕਾਰੀ ਸੀ। ਉਸ ਤਬਾਹੀ ਵਿੱਚ 17 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਭਾਰੀ ਢਿੱਗਾਂ ਡਿੱਗੀਆਂ ਸਨ।



