ਅੱਸੀ ਆਪਣੀਆਂ ਹੱਦਾਂ ਖੋਲ੍ਹੀਆਂ ਹੁਣ ਵੀ ਕੈਨੇਡਾ ਤੋਂ ਇਹੋ ਉਮੀਦ : ਫਰਾਂਸ

by vikramsehajpal

ਓਟਾਵਾ (ਦੇਵ ਇੰਦਰਜੀਤ )- ਫਰਾਂਸ ਵੱਲੋਂ ਕੈਨੇਡੀਅਨ ਟੂਰਿਸਟਸ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਗਈਆਂ ਹਨ। ਬਦਲੇ ਵਿੱਚ ਫਰਾਂਸ ਵੀ ਚਾਹੁੰਦਾ ਹੈ ਕਿ ਕੈਨੇਡਾ ਉਨ੍ਹਾਂ ਦੇ ਨਾਗਰਿਕਾਂ ਲਈ ਆਪਣੀਆਂ ਹੱਦਾਂ ਖੋਲ੍ਹੇ।
ਪਰ ਕੁੱਝ ਕੁ ਛੋਟਾਂ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਲਈ ਕੈਨੇਡੀਅਨ ਸਰਹੱਦਾਂ ਨੂੰ ਅਜੇ ਬੰਦ ਹੀ ਰੱਖਿਆ ਗਿਆ ਹੈ। ਅਜਿਹਾ 21 ਜੁਲਾਈ ਤੱਕ ਇਸੇ ਤਰ੍ਹਾਂ ਚੱਲਣ ਦੀ ਸੰਭਾਵਨਾ ਹੈ। ਮਾਰਚ 2020 ਵਿੱਚ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੈਨੇਡਾ ਵੱਲੋਂ ਇੱਕ ਮਹੀਨੇ ਤੋਂ ਦੂਸਰੇ ਮਹੀਨੇ ਤੱਕ ਇਨ੍ਹਾਂ ਪਾਬੰਦੀਆਂ ਵਿੱਚ ਵਾਧਾ ਕੀਤਾ ਜਾਂਦਾ ਰਿਹਾ ਹੈ। ਓਟਵਾ ਵਿੱਚ ਫਰੈਂਚ ਅੰਬੈਸੀ ਵਿੱਚ ਰਾਸ਼ਟਰਪਤੀ ਇਮੈਨੂਅਲ ਮੈਕਰਨ ਸਰਕਾਰ ਦੇ ਨੁਮਾਇੰਦੇ ਨੇ ਤਰਕ ਦਿੱਤਾ ਕਿ ਜਿੰਨੀ ਜਲਦੀ ਹੋ ਸਕੇ ਕੈਨੇਡੀਅਨ ਸਰਹੱਦਾਂ ਨੰ ਫਰੈਂਚ ਨਾਗਰਿਕਾਂ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ।

ਅੰਬੈਸਡਰ ਕਰੀਨ ਰਿਸਪਲ ਨੇ ਆਖਿਆ ਕਿ ਜਿਸ ਤਰ੍ਹਾਂ ਅਸੀਂ ਕੈਨੇਡੀਅਨਾਂ ਦਾ ਸਵਾਗਤ ਕਰਨ ਲਈ ਤਿਆਰ ਹਾਂ ਉਸੇ ਤਰ੍ਹਾਂ ਹੀ ਕੈਨੇਡੀਅਨਜ਼ ਨੂੰ ਵੀ ਸਾਡੇ ਲੋਕਾਂ ਲਈ ਬੂਹੇ ਖੋਲ੍ਹਣੇ ਚਾਹੀਦੇ ਹਨ ਇਸ ਦੇ ਨਾਲ ਹੀ ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਵੀ ਵਿਗਾੜ ਆ ਸਕਦਾ ਹੈ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਜੇ ਸਰਹੱਦਾਂ ਬੰਦ ਰੱਖੀਆਂ ਜਾਂਦੀਆਂ ਹਨ ਤਾਂ ਕੋਈ ਵੀ ਇੱਥੋਂ ਦਾ ਦੌਰਾ ਨਹੀਂ ਕਰ ਸਕਦਾ। ਇੱਥੇ ਦੱਸਣਾ ਬਣਦਾ ਹੈ ਕਿ ਜਿਹੜੇ ਕੈਨੇਡੀਅਨ ਇਹ ਸਿੱਧ ਕਰ ਸਕਦੇ ਹਨ ਕਿ ਉਹ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਹਨ ਜਾਂ ਜਿਨ੍ਹਾਂ ਵੱਲੋਂ ਕੋਵਿਡ-19 ਦੀ ਆਪਣੀ ਤਾਜ਼ਾ ਨੈਗੇਟਿਵ ਰਿਪੋਰਟ ਜਮ੍ਹਾਂ ਕਰਵਾਈ ਹੋਵੇ ਤੇ ਜਿਨ੍ਹਾਂ ਨੂੰ ਕੋਈ ਲੱਛਣ ਨਾ ਹੋਣ ਉਹ ਫਰਾਂਸ ਦੀ ਹੱਦ ਵਿੱਚ ਦਾਖਲ ਹੋ ਸਕਦੇ ਹਨ।ਉਨ੍ਹਾਂ ਆਖਿਆ ਕਿ 21 ਜੁਲਾਈ ਨੂੰ ਕੈਨੇਡਾ ਸਰਕਾਰ ਕੀ ਫੈਸਲਾ ਲੈਂਦੀ ਹੈ ਇਸ ਉੱਤੇ ਉਹ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ।