ਬਜ਼ੁਰਗ ਵੋਟਰ ਘਰ ਬੈਠੇ ਪਾ ਸਕਣਗੇ ਵੋਟ : ਪੰਜਾਬ ਚੋਣ ਕਮਿਸ਼ਨ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਸਾਲ 2022 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਚੋਣ ਕਮਿਸ਼ਨ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਤਹਿਤ ਸੂਬੇ ਦੇ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰ ਘਰ ਬੈਠੇ ਹੀ ਆਪਣੀ ਵੋਟ ਪਾ ਸਕਣਗੇ।

ਇਸ ਦੇ ਲਈ ਬਜ਼ੁਰਗ ਵੋਟਰਾਂ ਨੂੰ ਬੈਲਟ ਪੇਪਰ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਉਹ ਘਰ ਬੈਠੇ ਹੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।

ਕਮਿਸ਼ਨ ਵੱਲੋਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਹ ਫ਼ੈਸਲਾ ਲਿਆ ਗਿਆ ਹੈ ਕਿਉਂਕਿ ਬਜ਼ੁਰਗਾਂ ਨੂੰ ਇਨਫੈਕਸ਼ਨ ਹੋਣ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੈ ਅਤੇ ਉਕਤ ਫ਼ੈਸਲੇ ਤਹਿਤ ਬਜ਼ੁਰਗ ਵੋਟਰ ਭੀੜ ਤੋਂ ਬਚੇ ਰਹਿਣਗੇ।

ਇਸ ਦੇ ਲਈ ਸਬੰਧਿਤ ਅਧਿਕਾਰੀ ਉਨ੍ਹਾਂ ਨੇ ਘਰ ਬੈਲਟ ਪੇਪਰ ਮੁਹੱਈਆ ਕਰਵਾਉਣਗੇ।

ਕਮਿਸ਼ਨ ਵੱਲੋਂ ਅਜਿਹੇ ਵੋਟਰਾਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਉਨੀ ਗਿਣਤੀ 'ਚ ਬੈਲਟ ਪੇਪਰ ਛਪਵਾ ਕੇ ਤਿਆਰ ਰੱਖੇ ਜਾ ਸਕਣ।

ਪਿਛਲੇ ਲੰਬੇ ਸਮੇਂ ਤੋਂ ਸੂਬੇ ਅੰਦਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਰਾਹੀਂ ਹੀ ਵੋਟਿੰਗ ਹੋ ਰਹੀ ਹੈ ਪਰ ਹੁਣ ਪਹਿਲੀ ਵਾਰ ਚੋਣ ਕਮਿਸ਼ਨ ਅਜਿਹੇ ਬੈਲਟ ਪੇਪਰ ਬਜ਼ੁਰਗਾਂ ਲਈ ਮੁਹੱਈਆ ਕਰਵਾਉਣ ਜਾ ਰਿਹਾ ਹੈ।

ਬਜ਼ੁਰਗ ਘਰੋਂ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਾਉਣਗੇ, ਉਨ੍ਹਾਂ ਲਈ ਘਰ 'ਚ ਵੱਖਰੇ ਤੌਰ 'ਤੇ ਜਗ੍ਹਾ ਬਣਾਈ ਜਾਵੇਗੀ, ਜਿੱਥੇ ਉਹ ਬਿਨਾ ਕਿਸੇ ਦੇ ਦਬਾਅ ਦੇ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਨੂੰ ਵੋਟ ਪਾ ਸਕਣਗੇ।

ਵੋਟਿੰਗ ਦੌਰਾਨ ਪੂਰੇ ਸਮੇਂ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਤਾਂ ਜੋ ਪਾਰਦਰਸ਼ਤਾ ਬਣੀ ਰਹੇ।