ਸ਼ਕਤੀ ਪ੍ਰਦਰਸ਼ਨ ਦੇ ਨਾਲ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਚੋਣ ਮੁਹਿੰਮ ਦਾ ਆਗਾਜ਼

by

ਬਠਿੰਡਾ : ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੰਗਲਵਾਰ ਨੂੰ ਸ਼ਕਤੀ ਪ੍ਰਦਰਸ਼ਨ ਦੇ ਨਾਲ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ।ਬਰਨਾਲਾ ਬਾਈਪਾਸ 'ਤੇ ਸਥਿਤ ਇਕ ਪੈਲੇਸ ਵਿਚ ਰੱਖੇ ਗਏ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਬਾਦਲ ਨੇ ਕਾਂਗਰਸੀਆਂ ਨੂੰ ਕਿਹਾ ਕਿ ਉਹ ਪਿਛਲੇ ਗਿਲੇ ਸ਼ਿਕਵੇ ਦੂਰ ਕਰਕੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਆਪਣੀ ਆਪਣੀ ਵੋਟ ਪਾਉਣ। ਉਨ੍ਹਾਂ ਕਿਹਾ ਕਿ ਤੁਸੀਂ ਮਨਪ੍ਰੀਤ ਜਾਂ ਰਾਜਾ ਵੜਿੰਗ ਨੂੰ ਵੋਟ ਨਹੀਂ ਪਾਉਣੀ, ਸਗੋਂ ਤੁਹਾਡੀ ਇਕ-ਇਕ ਵੋਟ ਰਾਹੁਲ ਗਾਂਧੀ ਦੇ ਖਾਤੇ ਵਿਚ ਜਾਣੀ ਹੈ। ਕਾਫ਼ਲੇ ਦੇ ਰੂਪ ਵਿਚ ਰਾਜਾ ਵੜਿੰਗ ਨੂੰ ਲੈ ਕੇ ਸਟੇਜ 'ਤੇ ਪੁੱਜੇ ਵਿੱਤ ਮੰਤਰੀ ਨੇ ਕਿਹਾ ਕਿ ਇਸ ਵਾਰ ਕਾਂਗਰਸੀ ਅਕਾਲੀਆਂ ਦਾ ਭਰਮ ਤੋੜ ਦੇਣਗੇ।ਉਨ੍ਹਾਂ ਕਿਹਾ ਜਿਹੜੇ ਬਹਾਦਰ ਲੋਕ ਅੰਗਰੇਜ਼ਾਂ ਨੂੰ ਦੇਸ਼ 'ਚੋਂ ਭਜਾ ਸਕਦੇ ਹਨ ਉਨ੍ਹਾਂ ਲਈ ਹਰਸਿਮਰਤ ਬਾਦਲ ਕੀ ਚੀਜ਼ ਹੈ। ਹਰਸਿਮਰਤ ਬਾਦਲ ਨੂੰ ਵੱਡੀ ਲੀਡ ਨਾਲ ਹਰਾ ਕੇ ਇਸ ਵਾਰ ਉਸਦਾ ਗਰੂਰ ਤੋੜ ਦੇਵਾਂਗੇ।

ਉਨ੍ਹਾਂ ਕਿਹਾ ਕਿ ਪਿਛਲੀ ਲੋਕ ਸਭਾ ਚੋਣ ਵਿਚ ਹਰਸਿਮਰਤ ਬਾਦਲ ਸਿਰਫ਼ 19 ਹਜ਼ਾਰ ਵੋਟ ਨਾਲ ਜੇਤੂ ਰਹੇ ਸਨ। ਉਸ ਸਮੇਂ ਅਕਾਲੀ ਦਲ ਦੀ ਸਰਕਾਰ ਹੋਣ ਕਾਰਨ ਥਾਣੇਦਾਰ ਤੋਂ ਲੈ ਕੇ ਡੀਜੀਪੀ ਤੇ ਪਟਵਾਰੀ ਤੋਂ ਲੈ ਕੇ ਚੀਫ਼ ਸੈਕਟਰੀ ਤਕ ਸਾਰੇ ਉਸਦੀ ਮਦਦ ਕਰਦੇ ਸਨ। ਉਨ੍ਹਾਂ ਕਿਹਾ ਕਿ ਉਸਦੀ 19 ਹਜ਼ਾਰ ਦੀ ਜਿੱਤ ਦਾ ਅੰਤਰ ਤਾਂ ਉਹ ਸ਼ਹਿਰ ਦੇ ਛੇ ਵਾਰਡਾਂ ਵਿੱਚੋਂ ਹੀ ਕੱਢ ਦੇਣਗੇ।ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਕਿਹਾ ਕਿ ਬਿਨ੍ਹਾਂ ਕਿਸੇ ਰਾਜਨੀਤਕ ਪਿਛੋਕੜ ਦੇ ਬਾਵਜੂਦ ਉਹ ਗਿੱਦੜਬਾਹਾ ਤੋਂ ਦੋ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਲਈ ਬਠਿੰਡਾ ਤੋਂ ਚੋਣ ਲੜ ਰਹੇ ਹਨ ਕਿ ਦੁਨੀਆਂ ਯਾਦ ਰੱਖੇਗੀ ਕਿ ਬਾਦਲਾਂ ਦੇ ਕਿਸ ਤਰ੍ਹਾਂ ਪਰਖਚੇ ਉਡਾਏ ਸਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਹਰਸਿਮਰਤ ਬਾਦਲ ਦਾ ਐਲਾਨ ਅਕਾਲੀ ਦਲ ਨੇ ਸਭ ਤੋਂ ਬਾਅਦ ਵਿਚ ਕੀਤਾ ਹੈ।

ਅਸਲ ਵਿਚ ਹਰਸਿਮਰਤ ਬਾਦਲ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਹੀ ਨਹੀਂ ਲੜਨਾ ਚਾਹੁੰਦੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਜਬਰਦਸਤੀ ਉਸਦੇ ਨਾਮ ਦਾ ਐਲਾਨ ਕੀਤਾ ਹੈ। ਉਨ੍ਹਾਂ ਵਰਕਰਾਂ ਅੱਗੇ ਝੋਲੀ ਫੈਲਾਉਂਦਿਆਂ ਕਿਹਾ ਕਿ ਇਸ ਚੋਣ ਵਿਚ ਇਹ ਨਾ ਹੋਵੇ ਕਿ ਇਕ ਸਮਰਾਏਦਾਰ ਦੇ ਹੱਥੋਂ ਇਕ ਗਰੀਬ ਦਾ ਕਤਲ ਹੋ ਜਾਵੇ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਉਹ ਸਾਰੇ ਰਾਜਾ ਵੜਿੰਗ ਬਣ ਕੇ ਲੋਕਾਂ ਕੋਲੋਂ ਵੋਟਾਂ ਦੀ ਮੰਗ ਕਰਨ।ਰਾਜਾ ਵੜਿੰਗ ਨੇ ਕਿਹਾ ਉਹ ਆਪਣਾ ਨਾਮਜ਼ਦਗੀ ਪੱਤਰ ਵੀਰਵਾਰ ਨੂੰ ਦਾਖਲ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਵੀ ਉਨ੍ਹਾਂ ਦੇ ਨਾਲ ਹੋਣਗੇ। ਦੁਪਹਿਰ ਦੋ ਵਜੇ ਕੈਪਟਨ ਗੋਲ ਡਿੱਗੀ ਵਿਖੇ ਪਹੁੰਚਣਗੇ। ਇੱਥੋਂ ਉਨ੍ਹਾਂ ਦਾ ਕਾਫ਼ਲਾ ਸ਼ਹਿਰ ਵਿੱਚੋਂ ਹੁੰਦੇ ਹੋਏ ਡੀਸੀ ਦਫ਼ਤਰ ਪੁੱਜੇਗਾ, ਜਿੱਥੇ ਨਾਮਜ਼ਦਗੀ ਪੱਤਰ ਭਰੇ ਜਾਣਗੇ।