ਚੋਣ ਕਮਿਸ਼ਨ ਸਰਗਰਮ; ਚੋਣਾਂ ਨੂੰ ਲੈ ਕੇ ਪੰਜ ਸਰਹੱਦੀ ਸੂਬਿਆਂ ‘ਚ ਕੋਰੋਨਾ ਦੀ ਸਥਿਤੀ ਦਾ ਲਿਆ ਜਾਇਜ਼ਾ

by jaskamal

ਨਿਊਜ਼ ਡੈਸਕ (ਜਸਕਮਲ) : ਚੋਣ ਕਮਿਸ਼ਨ ਨੇ ਅੱਜ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨਾਲ ਮੁਲਾਕਾਤ ਕੀਤੀ ਤੇ ਚੋਣਾਂ ਨੂੰ ਲੈ ਕੇ ਪੰਜ ਸਰਹੱਦੀ ਸੂਬਿਆਂ ਉੱਤਰਾਖੰਡ, ਮਨੀਪੁਰ, ਗੋਆ, ਪੰਜਾਬ ਤੇ ਯੂਪੀ 'ਚ ਕਰੋਨਾ ਦੀ ਸਥਿਤੀ ਦਾ ਜਾਇਜ਼ਾ ਲਿਆ। ਕਮਿਸ਼ਨ ਨੇ ਆਈਟੀਬੀਪੀ, ਬੀਐੱਸਐਫ ਤੇ ਐੱਸਐੱਸਬੀ ਦੇ ਉੱਚ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਸਰਹੱਦੀ ਸੂਬਿਆਂ ਵਿਚ ਸਖ਼ਤ ਨਿਗਰਾਨੀ ਕਰਨ ਉਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਪੰਜਾਬ ਤੇ ਉੱਤਰਾਖੰਡ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਹਨ। ਸੂਤਰਾਂ ਅਨੁਸਾਰ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਰੀਬ ਇਕ ਘੰਟਾ ਚੋਣ ਕਮਿਸ਼ਨ ਨੂੰ ਦੇਸ਼ ਵਿਚ ਕਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਚੋਣਾਂ ਵਾਲੇ ਸੂਬਿਆਂ ਉੱਤਰਾਖੰਡ, ਮਨੀਪੁਰ, ਗੋਆ, ਪੰਜਾਬ ਤੇ ਯੂਪੀ ਬਾਰੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੁਲਤਵੀ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਇਸ ਦੌਰਾਨ ਸੰਬੋਧਨ ਕਰਦਿਆਂ ਸਿਹਤ ਸਕੱਤਰ ਨੇ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਦੌਰਾਨ ਓਮੀਕ੍ਰੋਨ ਦੇ ਜ਼ਿਆਦਾ ਫੈਲਣ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ।

ਚੋਣ ਕਮਿਸ਼ਨ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਉੱਚ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਨਸ਼ਿਆਂ ਦੀ ਵਰਤੋਂ 'ਤੇ ਨਜ਼ਰ ਰੱਖਣ ਲਈ ਕਿਹਾ ਹੈ। ਕਮਿਸ਼ਨ ਨੇ ਐੱਨਸੀਬੀ ਨੂੰ ਡਰੱਗ ਤਸਕਰੀ ਦੇ ਮਾਮਲੇ ’ਚ ਖਾਸ ਤੌਰ ’ਤੇ ਪੰਜਾਬ ਤੇ ਗੋਆ ’ਤੇ ਧਿਆਨ ਦੇਣ ਲਈ ਕਿਹਾ ਹੈ। ਚੋਣ ਕਮਿਸ਼ਨ ਨੇ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਿਹਤ ਸਕੱਤਰ ਨੂੰ ਹਦਾਇਤ ਕੀਤੀ ਕਿ ਚੋਣਾਂ ਵਾਲੇ ਪੰਜ ਸੂਬਿਆਂ 'ਚ ਟੀਕਾਕਰਨ ਤੇਜ਼ੀ ਨਾਲ ਕੀਤਾ ਜਾਵੇ। ਯੂਪੀ, ਪੰਜਾਬ ਤੇ ਮਨੀਪੁਰ 'ਚ ਪਹਿਲੀ ਡੋਜ਼ ਲੈਣ ਵਾਲਿਆਂ ਦੀ ਗਿਣਤੀ ਵੀ ਕਾਫ਼ੀ ਘੱਟ ਹੈ, ਜਦਕਿ ਗੋਆ ਤੇ ਉੱਤਰਾਖੰਡ 'ਚ ਇਹ 100 ਫੀਸਦੀ ਦੇ ਨੇੜੇ ਲੱਗ ਗਈ ਹੈ। ਦੂਜੀ ਡੋਜ਼ ਵੀ ਤੇਜ਼ੀ ਨਾਲ ਦੇਣ ਬਾਰੇ ਕਿਹਾ ਗਿਆ ਹੈ।