by vikramsehajpal
ਚੰਡੀਗੜ੍ਹ (ਦੇਵ ਇੰਦਰਜੀਤ) : ਚੰਡੀਗੜ੍ਹ ਆਉਣ ਤੋਂ ਪਹਿਲਾਂ ਹੀ ਸੂਬਾ ਇੰਚਾਰਜ ਹਰੀਸ਼ ਰਾਵਤ ਦੇ ਸੁਰ ਕੁਝ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਰਾਵਤ ਨੇ ਆਪਣੇ ਉਸ ਬਿਆਨ ਤੋਂ ਯੂ ਟਰਨ ਲੈ ਲਿਆ ਹੈ, ਜਿਸ ਵਿਚ ਉਨ੍ਹਾਂ ਆਖਿਆ ਸੀ ਕਿ ਪੰਜਾਬ ਵਿਚ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ। ਰਾਵਤ ਨੇ ਆਖਿਆ ਹੈ ਕਿ ਇਹ ਚੋਣਾਂ ਮੁੱਖ ਤੌਰ ’ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਨਾਮ ’ਤੇ ਲੜੀਆਂ ਜਾਣਗੀਆਂ ਪਰ ਇਸ ਤੋਂ ਇਲਾਵਾ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਦੇ ਨਾਮ ’ਤੇ ਵੀ ਚੋਣਾਂ ਵਿਚ ਉਤਰਿਆ ਜਾਵੇਗਾ।
ਉਨ੍ਹਾਂ ਆਖਿਆ ਕਿ ਇਥੋਂ ਤਕ ਪਰਗਟ ਸਿੰਘ ਦੇ ਨਾਮ ’ਤੇ ਚੋਣ ਲੜੀ ਜਾਵੇਗੀ। ਹਰੀਸ਼ ਰਾਵਤ ਨੇ ਕਿਹਾ ਕਿ ਪਰਗਟ ਸਿੰਘ ਹਾਕੀ ਦੇ ਕਪਤਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੋਰ ਵੀ ਕਈ ਉੱਘੇ ਚਿਹਰੇ ਹਨ ਜਿਨ੍ਹਾਂ ਦੇ ਨਾਂ ਨੂੰ ਚੋਣਾਂ ਵਿਚ ਵਰਤਿਆ ਜਾਵੇਗਾ।
ਦੱਸਣਯੋਗ ਹੈ ਕਿ ਸਿੱਧੂ ਧੜੇ ਦੇ ਬਾਗੀ ਮੰਤਰੀਆਂ ਵਲੋਂ ਮੁੱਖ ਮੰਤਰੀ ਨੂੰ ਬਦਲੇ ਜਾਣ ਦੀ ਮੰਗ ਤੋਂ ਬਾਅਦ ਰਾਵਤ ਨੇ ਆਖਿਆ ਸੀ ਕਿ ਮੁੱਖ ਮੰਤਰੀ ਬਦਲੇ ਜਾਣ ਦੀ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ 2022 ਦੀਆਂ ਚੋਣਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ।
ਰਾਵਤ ਦੇ ਇਸ ਬਿਆਨ ਤੋਂ ਬਾਅਦ ਪਰਗਟ ਸਿੰਘ ਨੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਹਾਈਕਮਾਨ ਵਲੋਂ ਬਣਾਈ ਗਈ ਖੜਗੇ ਕਮੇਟੀ ਸਾਹਮਣੇ ਇਹ ਤੈਅ ਹੋਇਆ ਸੀ ਕਿ ਚੋਣਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਫਿਰ ਰਾਵਤ ਦੱਸਣ ਕਿ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲਾ ਬਿਆਨ ਕਿਸ ਹਿਸਾਬ ਨਾਲ ਦਿੱਤਾ ਅਤੇ ਕਦੋਂ ਇਹ ਤੈਅ ਹੋਇਆ ਹੈ।
ਪਰਗਟ ਸਿੰਘ ਨੇ ਇਹ ਵੀ ਆਖਿਆ ਸੀ ਕਿ ਨਵਜੋਤ ਸਿੱਧੂ ਵਲੋਂ ਦਿੱਤਾ ਗਿਆ ਇੱਟ ਨਾਲ ਇੱਟ ਖੜ੍ਹਕਾਉਣ ਵਾਲਾ ਬਿਆਨ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਲਈ ਨਹੀਂ ਸਗੋਂ ਹਰੀਸ਼ ਰਾਵਤ ਲਈ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ 31 ਅਗਸਤ ਨੂੰ ਚਡੀਗੜ੍ਹ ਦੌਰੇ ’ਤੇ ਅ ਸਕਦੇ ਹਨ।
ਉਨ੍ਹਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਬਾਗੀ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਆਪਸ ਵਿਚ ਉਲਝੀਆਂ ਦੋਵੇਂ ਧਿਰਾਂ ਯਾਨੀ ਮੁੱਖ ਮੰਤਰੀ ਦੀ ਧਿਰ ਤੇ ਨਵਜੋਤ ਸਿੱਧੂ ਧੜੇ ਦਰਮਿਆਨ ਸੁਲਾਹ ਸਫਾਈ ਦਾ ਯਤਨ ਕਰਨਗੇ।