ਜਲੰਧਰ ‘ਚ ਪੁਲਿਸ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਬਦਮਾਸ਼ਾਂ ਵਿਚਾਲੇ ਐਨਕਾਉਂਟਰ

by jaskamal

ਪੱਤਰ ਪ੍ਰੇਰਕ : ਜਲੰਧਰ 'ਚ ਅੱਜ ਤੜਕੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਨਾਖਾ ਵਾਲੇ ਬਾਗ ਨੇੜੇ ਵਡਾਲਾ ਚੌਕ 'ਚ ਦੋ ਗੈਂਗਸਟਰਾਂ ਅਤੇ ਸੀਆਈਏ ਸਟਾਫ ਵਿਚਾਲੇ ਗੋਲੀਆਂ ਚੱਲੀਆਂ। ਇਸੇ ਦੌਰਾਨ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮੁਕਾਬਲੇ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗੈਂਗਸਟਰ ਗੰਭੀਰ ਰੂਪ 'ਚ ਜ਼ਖਮੀ ਹਨ ਅਤੇ ਹਸਪਤਾਲ 'ਚ ਦਾਖਲ ਹਨ। ਫੜੇ ਗਏ ਮੁਲਜ਼ਮ ਕਤਲ, ਸੁਪਾਰੀ ਤੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਸ਼ਾਮਲ ਸਨ।

ਇਸ ਮੁਕਾਬਲੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਜਾਨ ਬੱਚ ਗਈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਉਸ ਦੀ ਪੱਗ 'ਚ ਫਸ ਗਈ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ ਅਤੇ ਸੱਟ ਨਹੀਂ ਲੱਗੀ। ਦੱਸ ਦਈਏ ਕਿ ਸੀਆਈਏ ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਐਤਵਾਰ ਸਵੇਰੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਦੋ ਗੈਂਗਸਟਰ ਇੱਕ ਕਾਰ ਵਿੱਚ ਜਲੰਧਰ ਵਿੱਚ ਘੁੰਮ ਰਹੇ ਹਨ ਅਤੇ ਵਡਾਲਾ ਚੌਕ ਰਾਹੀਂ ਨੱਕਾ ਵਾਲੇ ਬਾਗ ਇਲਾਕੇ ਵਿੱਚ ਜਾ ਰਹੇ ਹਨ। ਅਜਿਹੇ ਵਿੱਚ ਸੀਆਈਏ ਸਟਾਫ ਨੇ ਇੱਥੇ ਜਾਲ ਵਿਛਾ ਦਿੱਤਾ। ਜਿਵੇਂ ਹੀ ਪੁਲਿਸ ਨੇ ਗੈਂਗਸਟਰਾਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸੀਆਈਏ ਸਟਾਫ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।