ਪੱਛਮੀ ਸਿੰਘਭੂਮ ‘ਚ ਸੁਰੱਖਿਆ ਬਲਾਂ ਵਲੋਂ 4 ਨਕਸਲੀ ਦਾ ਐਨਕਾਉਂਟਰ

by nripost

ਸਿੰਘਭੂਮ (ਹਰਮੀਤ) : ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਨਕਸਲ ਪ੍ਰਭਾਵਿਤ ਗੁਵਾ ਥਾਣਾ ਖੇਤਰ ਦੇ ਜੰਗਲ ‘ਚ ਅੱਜ ਸਵੇਰੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਈ,ਅਤੇ ਇਸ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਮਹਿਲਾ ਨਕਸਲੀ ਸਮੇਤ ਚਾਰ ਨਕਸਲੀਆਂ ਨੂੰ ਮਾਰ ਸੁੱਟਿਆ।

ਮਾਰੇ ਗਏ ਨਕਸਲੀਆਂ ਵਿੱਚ ਇੱਕ ਜ਼ੋਨਲ ਕਮਾਂਡਰ, ਇੱਕ ਏਰੀਆ ਕਮਾਂਡਰ ਅਤੇ ਇੱਕ ਸਬ-ਜ਼ੋਨਲ ਕਮਾਂਡਰ ਤੋਂ ਇਲਾਵਾ ਇੱਕ ਮਹਿਲਾ ਨਕਸਲੀ ਵੀ ਸ਼ਾਮਲ ਹੈ। ਸੁਰੱਖਿਆ ਬਲਾਂ ਨੇ ਦੋ ਨਕਸਲੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੀ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਵਿਚ ਇਕ ਏਰੀਆ ਕਮਾਂਡਰ ਅਤੇ ਇੱਕ ਮਹਿਲਾ ਨਕਸਲੀ ਸ਼ਾਮਲ ਹੈ। ਐਸਪੀ ਆਸ਼ੂਤੋਸ਼ ਸ਼ੇਖਰ ਨੇ ਮੁਕਾਬਲੇ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ। ਇਲਾਕੇ ‘ਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਰਾਇਣਪੁਰ ਜ਼ਿਲੇ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 8 ਨਕਸਲੀ ਮਾਰੇ ਗਏ ਸਨ। ਇਸ ਘਟਨਾ ਵਿੱਚ ਸੁਰੱਖਿਆ ਬਲ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲਿਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਇਲਾਕੇ ਵਿੱਚ ਕਈ ਵਾਰ ਰੁਕ-ਰੁਕ ਕੇ ਗੋਲੀਬਾਰੀ ਹੋਈ ਹੈ। ਇਲਾਕੇ ‘ਚ ਸਰਚ ਆਪਰੇਸ਼ਨ ਜਾਰੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੋਹਕਾਮੇਟਾ ਥਾਣਾ ਖੇਤਰ ਦੇ ਅਧੀਨ ਕੁਤੁਲ ਪਿੰਡ ਦੇ ਕੋਲ ਬਾਰੂਦੀ ਸੁਰੰਗ ਦੇ ਧਮਾਕੇ ਵਿੱਚ ਦੋ ਇੰਡੋ-ਤਿੱਬਤੀ ਬਾਰਡਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਸਨ।