ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਵੀ ਵਿਸ਼ਵ ਕੱਪ ਚੋਂ ਬਾਹਰ, ਇੰਗਲੈਂਡ ਕੋਲੋਂ 8 ਵਿਕਟਾਂ ਨਾਲ ਮਿਲੀ ਹਾਰ

by mediateam

ਬਰਮਿੰਘਮ ਡੈਸਕ (ਵਿਕਰਮ ਸਹਿਜਪਾਲ) : ਕ੍ਰਿਸ ਵੋਕਸ ਅਤੇ ਆਦਿਲ ਰਾਸ਼ਿਦ ਦੀਆਂ 3-3 ਵਿਕਟਾਂ ਤੋਂ ਬਾਅਦ  ਓਪਨਰ ਜੈਸਨ ਰਾਏ ਦੇ ਤੂਫਾਨੀ ਅਰਧ ਸੈਂਕੜੇ ਦੀ ਬਦੌਲਤ  ਮੇਜ਼ਬਾਨ ਇੰਗਲੈਂਡ ਨੇ ਸਾਬਕਾ ਚੈਂਪੀਅਨ ਆਸਟਰੇਲੀਆ ਨੂੰ ਆਈ. ਸੀ. ਸੀ. ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਵੀਰਵਾਰ ਨੂੰ 8 ਵਿਕਟਾਂ ਨਾਲ ਹਰਾ ਕੇ 27 ਸਾਲ ਦੇ ਲੰਬੇ ਸਮੇਂ ਬਾਅਦ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। 

ਇਹ ਪਹਿਲਾ ਮੌਕਾ ਹੈ, ਜਦੋਂ ਪੰਜ ਵਾਰ ਦੀ ਚੈਂਪੀਅਨ ਆਸਟਰੇਲੀਆ ਸੈਮੀਫਾਈਨਲ ਵਿਚ ਹਾਰੀ ਹੈ।  ਇੰਗਲੈਂਡ ਨੇ ਆਸਟਰੇਲੀਆ ਨੂੰ 49 ਓਵਰਾਂ ਵਿਚ 223 ਦੌੜਾਂ 'ਤੇ ਸਮੇਟਣ ਤੋਂ ਬਾਅਦ 32.1 ਓਵਰਾਂ ਵਿਚ 2 ਵਿਕਟਾਂ 'ਤੇ 226 ਦੌੜਾਂ ਬਣਾ ਕੇ ਸ਼ਾਨ ਨਾਲ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਖਿਤਾਬ ਲਈ ਮੁਕਾਬਲਾ 14 ਜੁਲਾਈ ਨੂੰ ਇਤਿਹਾਸਕ ਲਾਰਡਸ ਦੇ ਮੈਦਾਨ 'ਤੇ ਨਿਊਜ਼ੀਲੈਂਡ ਨਾਲ ਹੋਵੇਗਾ, ਜਿਸ ਨੇ ਪਹਿਲੇ ਸੈਮੀਫਾਈਨਲ ਵਿਚ ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੇ ਵਿਸ਼ਵ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ। 

ਇਨ੍ਹਾਂ ਦੋਵਾਂ ਟੀਮਾਂ ਨੇ ਅਜੇ ਤਕ ਖਿਤਾਬ ਨਹੀਂ ਜਿੱਤਿਆ ਹੈ ਤੇ ਇਸ ਲਈ 14 ਜੁਲਾਈ ਨੂੰ ਕ੍ਰਿਕਟ ਨੂੰ ਨਵਾਂ ਵਿਸ਼ਵ ਚੈਂਪੀਅਨ ਮਿਲਣਾ ਤੈਅ ਹੈ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਸ ਨੇ 7ਵੇਂ ਓਵਰ ਤਕ ਸਿਰਫ 14 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ। 

ਸਾਬਕਾ ਕਪਤਾਨ ਸਟੀਵ ਸਮਿਥ ਨੇ ਇਸ ਤੋਂ ਬਾਅਦ 119 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਦੀ ਬਦੌਲਤ ਹੀ ਆਸਟਰੇਲੀਆ 200 ਦਾ ਸਕੋਰ ਪਾਰ ਕਰ ਸਕਿਆ। ਸਮਿਥ ਅੱਠਵੇਂ ਬੱਲੇਬਾਜ਼ ਦੇ ਰੂਪ ਵਿਚ ਟੀਮ ਦੇ 217 ਦੇ ਸਕੋਰ 'ਤੇ ਆਊਟ ਹੋਇਆ ਅਤੇ ਆਸਟਰੇਲੀਆ ਦੀ ਪੂਰੀ ਪਾਰੀ 49 ਓਵਰਾਂ ਵਿਚ 223 ਦੌੜਾਂ 'ਤੇ ਸਿਮਟ ਗਈ।

More News

NRI Post
..
NRI Post
..
NRI Post
..