World Cup 2019 : ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ 104 ਦੌੜਾਂ ਨਾਲ ਹਰਾਇਆ

by mediateam

ਲੰਡਨ ਡੈਸਕ (ਵਿਕਰਮ ਸਹਿਜਾਪਲ) : ਬੇਨ ਸਟੋਕਸ (89 ਦੌੜਾਂ ਅਤੇ 12 ਦੌੜਾਂ 'ਤੇ ਦੋ 2 ਵਿਕਟਾਂ) ਦੇ ਕਮਾਲ ਦੇ ਆਲਰਾਊਂਡ ਪ੍ਰਦਰਸ਼ਨ ਤੇ ਕਪਤਾਨ ਇਯੋਨ ਮੋਰਗਨ (57), ਓਪਨਰ ਜੇਸਨ ਰਾਏ (54) ਤੇ ਜੋ ਰੂਟ (51) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਵਿਸ਼ਵ ਦੀ ਨੰਬਰ ਇਕ ਟੀਮ ਤੇ ਮੇਜ਼ਬਾਨ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਆਈ. ਸੀ. ਸੀ. ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਉਦਘਾਟਨੀ ਮੁਕਾਬਲੇ ਵਿਚ ਵੀਰਵਾਰ ਨੂੰ 104 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇੰਗਲੈਂਡ ਨੇ 50 ਓਵਰਾਂ ਵਿਚ 8 ਵਿਕਟਾਂ 'ਤੇ 311 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਤੇ ਦੱਖਣੀ ਅਫਰੀਕਾ ਨੂੰ 39.5 ਓਵਰਾਂ ਵਿਚ 207 ਦੌੜਾਂ 'ਤੇ ਢੇਰ ਕਰ ਦਿੱਤਾ।

ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ 3 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੇ ਚੋਟੀ ਕ੍ਰਮ ਨੂੰ ਅਜਿਹਾ ਝੰਜੋੜਿਆ ਕੇ ਉਹ ਅੰਤ ਤਕ ਨਹੀਂ ਉਭਰ ਸਕਿਆ। ਸਟੋਕਸ ਨੇ 40ਵੇਂ ਓਵਰ ਦੀ ਚੌਥੀ ਤੇ 5ਵੀਂ ਗੇਂਦ 'ਤੇ ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੀ ਪਾਰੀ ਨੂੰ ਸਮੇਟ ਦਿੱਤਾ। ਉਸ ਨੇ ਜੇ. ਪੀ. ਡੁਮਿਨੀ ਤੇ ਆਂਦਿਲੇ ਫੇਲਕਵਾਓ ਦੇ ਕੈਚ ਫੜੇ ਤੇ ਡਵੇਨ ਪ੍ਰਿਟੋਰੀਅਸ ਨੂੰ ਰਨ ਆਊਟ ਵੀ ਕੀਤਾ। ਸਟੋਕਸ ਨੂੰ ਉਸਦੇ ਆਲਰਾਊਂਡ ਪ੍ਰਦਰਸ਼ਨ ਲਈ 'ਮੈਨ ਆਫ ਦਿ ਮੈਚ' ਦਾ ਐਵਾਰਡ ਮਿਲਿਆ।