ਮੀਡੀਆ ਡੈਸਕ: ਅਗਲੇ ਸਾਲ ਜਾਪਾਨ ਦੇ ਸ਼ਹਿਰ ਟੋਕੀਓ 'ਚ ਓਲੰਪਿਕ ਖੇਡਾਂ ਹੋਣੀਆਂ ਹਨ। ਅਜਿਹੇ ਵਿਚ ਸਾਰੇ ਦੇਸ਼ ਤਿਆਰੀ ਕਰ ਰਹੇ ਹਨ ਪਰ ਭਾਰਤ ਦੀ ਤਿਆਰੀ ਤਰ੍ਹਾਂ-ਤਰ੍ਹਾਂ ਦੇ ਵਿਵਾਦਾਂ ਤੇ ਮਸਲਿਆਂ ਕਰਕੇ ਪ੍ਰਭਾਵਿਤ ਹੋ ਰਹੀ ਹੈ। ਇਸ ਦੌਰਾਨ ਸਭ ਤੋਂ ਵੱਡਾ ਵਿਵਾਦ ਡੋਪਿੰਗ ਕਰਕੇ ਹੋਇਆ।
ਕੌਮੀ ਜਾਂਚ ਪ੍ਰਯੋਗਸ਼ਾਲਾ ਦੀ ਮਾਨਤਾ ਮੁਅੱਤਲ
ਦੇਸ਼ 'ਚ ਚੱਲ ਰਹੀ ਡੋਪਿੰਗ ਰੋਕੂ ਮੁਹਿੰਮ ਦੌਰਾਨ, ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਭਾਰਤ ਦੀ ਕੌਮੀ ਜਾਂਚ ਪ੍ਰਯੋਗਸ਼ਾਲਾ (ਐੱਨਡੀਟੀਐੱਲ) ਦੀ ਮਾਨਤਾ 6 ਮਹੀਨੇ ਲਈ ਮੁਅੱਤਲ ਕਰ ਦਿੱਤੀ ਹੈ, ਉਹ ਵੀ ਉਸ ਵੇਲੇ ਜਦੋਂ ਟੋਕੀਓ ਓਲੰਪਿਕ 'ਚ ਇਕ ਸਾਲ ਦਾ ਵੀ ਸਮਾਂ ਵੀ ਨਹੀਂ ਬਚਿਆ। 'ਵਾਡਾ' ਦਾ ਇਹ ਵੱਡਾ ਕਦਮ ਭਾਰਤ ਵਿਚ ਡੋਪਿੰਗ ਖ਼ਿਲਾਫ਼ ਚੱਲ ਰਹੀ ਮੁਹਿੰਮ ਲਈ ਇਕ ਵੱਡਾ ਝਟਕਾ ਬਣ ਕੇ ਆਇਆ ਹੈ।
ਨਿਰਧਾਰਤ ਮਿਆਰ ਦੀ ਘਾਟ
ਭਾਰਤੀ ਡੋਪਿੰਗ ਰੋਕੂ ਏਜੰਸੀ (ਨਾਡਾ) ਹੁਣ ਵੀ ਨਮੂਨੇ ਇਕੱਠੇ ਕਰ ਸਕਦੀ ਹੈ ਪਰ ਐੱਨਡੀਟੀਐੱਲ ਦੀ ਮੁਅੱਤਲੀ ਦੀ ਮਿਆਦ ਦੌਰਾਨ ਨਮੂਨਿਆਂ ਦੀ ਜਾਂਚ ਦੇਸ਼ ਦੇ ਬਾਹਰ ਅਜਿਹੀ ਪ੍ਰਯੋਗਸ਼ਾਲਾ ਤੋਂ ਕਰਵਾਉਣੀ ਪਵੇਗੀ ਜੋ ਵਾਡਾ ਤੋਂ ਮਾਨਤਾ ਪ੍ਰਾਪਤ ਹੋਵੇ। ਵਾਡਾ ਵੱਲੋਂ ਐੱਨਡੀਟੀਐੱਲ ਦੀਆਂ ਪ੍ਰਯੋਗਸ਼ਾਲਾਵਾਂ ਨਿਰਧਾਰਤ ਕੌਮਾਂਤਰੀ ਮਿਆਰਾਂ ਦੇ ਮੁਤਾਬਕ ਨਹੀਂ ਸੀ ਪਾਇਆ ਗਿਆ ਜਿਸ ਕਾਰਨ ਉਸ ਨੂੰ ਮੁਅੱਤਲ ਕੀਤਾ ਗਿਆ। ਭਾਰਤ ਨੇ ਮੁਅਤੱਲੀ ਦੇ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੇ ਫ਼ੈਸਲੇ ਵਿਰੁੱਧ ਅਪੀਲ ਕਰਨ ਦਾ ਐਲਾਨ ਕੀਤਾ ਹੈ ਤੇ ਅਪੀਲ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ ਜਦਕਿ ਸਪੋਰਟਸ ਆਰਬੀਟੇਸ਼ਨ ਕੋਰਟ ਵਿਚ ਵੀ ਭਾਰਤ ਵੱਲੋਂ ਅਪੀਲ ਕੀਤੀ ਜਾ ਸਕਦੀ ਹੈ। ਇਹ ਮੁਅੱਤਲੀ 20 ਅਗਸਤ ਤੋਂ ਲਾਗੂ ਹੋ ਚੁੱਕੀ ਹੈ ਤੇ ਇਸ ਕਰਕੇ ਭਾਰਤ ਅੰਦਰ ਹੁਣ ਡੋਪਿੰਗ ਸਬੰਧੀ ਕੋਈ ਵੱਡੀ ਕਾਰਵਾਈ ਨਹੀਂ ਹੋ ਰਹੀ। ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰਨ ਦਾ ਭਾਰਤ ਨੂੰ ਪੂਰਾ-ਪੂਰਾ ਹੱਕ ਹੈ ਪਰ ਇਸ ਮਾਮਲੇ ਦਾ ਇਕ ਪਹਿਲੂ ਇਹ ਵੀ ਹੈ ਕਿ ਇਸ ਨਾਲ ਮਾਮਲਾ ਹੋਰ ਵੀ ਖਿੱਲਰ ਸਕਦਾ ਹੈ ਤੇ ਲਟਕਦਾ-ਲਟਕਦਾ ਓਲੰਪਿਕ ਖੇਡਾਂ ਦੀ ਤਿਆਰੀ ਨੂੰ ਪ੍ਰਭਾਵਿਤ ਵੀ ਕਰ ਸਕਦਾ ਹੈ। ਟਕਰਾਓ ਵਾਲੇ ਹਾਲਾਤ ਵਿਚ ਭਾਰਤ ਦਾ ਕੌਮਾਂਤਰੀ ਓਲੰਪਿਕ ਸੰਘ ਨਾਲ ਤਾਲਮੇਲ ਵੀ ਗੜਬੜਾ ਸਕਦਾ ਹੈ। ਇਸ ਲਈ ਇਹ ਮਾਮਲਾ ਸੁਹਿਰਦ ਢੰਗ ਨਾਲ ਬੈਠ ਕੇ ਨਿਬੇੜਨ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।