ਚੀਨ ਦੇ ਚਾਰ ਅਧਿਕਾਰੀਆਂ ‘ਤੇ ਈਯੂ ਨੇ ਲਾਈ ਪਾਬੰਦੀ

by vikramsehajpal

ਅੰਮ੍ਰਿਤਸਰ,(ਦੇਵ ਇੰਦਰਜੀਤ) :ਮਨੁੱਖੀ ਅਧਿਕਾਰ ਉਲੰਘਣਾ ਨੂੰ ਲੈ ਕੇ ਈਯੂ ਨੇ ਚੀਨ ਦੇ ਇਕ ਚੋਟੀ ਦੇ ਸੁਰੱਖਿਆ ਡਾਇਰੈਕਟਰ ਸਮੇਤ ਚਾਰ ਅਧਿਕਾਰੀਆਂ 'ਤੇ ਸੋਮਵਾਰ ਨੂੰ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਬੀਜਿੰਗ ਖ਼ਿਲਾਫ਼ ਯੂਰਪੀ ਸੰਘ ਨੇ ਤਿੰਨ ਦਹਾਕੇ ਪਿੱਛੋਂ ਇਸ ਤਰ੍ਹਾਂ ਦੀ ਸਖ਼ਤ ਕਾਰਵਾਈ ਕੀਤੀ ਹੈ। ਸ਼ਿਨਜਿਆਂਗ 'ਚ ਉਈਗਰ ਮੁਸਲਮਾਨਾਂ ਸਮੇਤ ਦੂਜੀਆਂ ਘੱਟ ਗਿਣਤੀਆਂ ਖ਼ਿਲਾਫ਼ ਅੱਤਿਆਚਾਰ ਨੂੰ ਲੈ ਕੇ ਅਮਰੀਕਾ ਨੇ ਚੀਨ ਪ੍ਰਤੀ ਸਖ਼ਤ ਰਵੱਈਆ ਅਪਣਾ ਰੱਖਿਆ ਹੈ। ਇਸ ਦੇਸ਼ ਦੀਆਂ ਕਈ ਕੰਪਨੀਆਂ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ 'ਤੇ ਪਾਬੰਦੀ ਲੱਗ ਚੁੱਕੀ ਹੈ।

ਯੂਰਪੀ ਸੰਘ ਵੱਲੋਂ ਜਿਨ੍ਹਾਂ ਚੀਨੀ ਅਧਿਕਾਰੀਆਂ 'ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਵਿਚ ਸ਼ਿਨਜਿਆਂਗ ਦੇ ਜਨ ਸੁਰੱਖਿਆ ਬਿਊਰੋ ਦੇ ਡਾਇਰੈਕਟਰ ਚੇਨ ਮਿੰਗਗੂ ਦਾ ਨਾਂ ਵੀ ਸ਼ਾਮਲ ਹੈ। ਯੂਰਪੀ ਸੰਘ ਨੇ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੇ ਗੰਭੀਰ ਉਲੰਘਣ ਲਈ ਚੇਨ ਜ਼ਿੰਮੇਵਾਰ ਹਨ। ਉਨ੍ਹਾਂ ਨੇ ਉਈਗਰ ਮੁਸਲਮਾਨਾਂ ਅਤੇ ਦੂਜੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਅਤੇ ਆਸਥਾ ਦੇ ਅਧਿਕਾਰਾਂ ਦਾ ਵੀ ਉਲੰਘਣ ਕੀਤਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਯੂਰਪੀ ਸੰਘ ਅਤੇ ਚੀਨ ਵਿਚਕਾਰ ਤਣਾਅ ਵੱਧ ਸਕਦਾ ਹੈ।

ਜ਼ਿਕਰਯੋਗ ਹੈ ਕਿ ਸ਼ਿਨਜਿਆਂਗ ਵਿਚ ਉਈਗਰ ਮੁਸਲਮਾਨਾਂ ਅਤੇ ਦੂਜੇ ਘੱਟ ਗਿਣਤੀ ਭਾਈਚਾਰਿਆਂ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ ਜਦਕਿ ਲੱਖਾਂ ਉਈਗਰਾਂ ਨੂੰ ਹਿਰਾਸਤ ਕੇਂਦਰਾਂ ਵਿਚ ਰੱਖਿਆ ਗਿਆ ਹੈ। ਹਾਲਾਂਕਿ ਚੀਨ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਹੈ। ਉਹ ਹਿਰਾਸਤੀ ਕੇਂਦਰਾਂ ਨੂੰ ਵਪਾਰਕ ਸਿਖਲਾਈ ਕੇਂਦਰ ਦੱਸਦਾ ਹੈ।