ਫਿਲਮ ਆਉਣ ਤੋਂ ਪਹਿਲਾਂ ਹੀ ਸਾਡੇ ਆਲੇ ਦੇ ਟ੍ਰੇਲਰ ਨੇ ਜਿੱਤਿਆ ਦਰਸ਼ਕਾਂ ਦਾ ਦਿਲ

by jaskamal

ਨਿਊਜ਼ ਡੈਸਕ : ਸਾਗਾ ਮਿਊਜ਼ਿਕ ਵੱਲੋਂ ਦੋ ਸ਼ਾਨਦਾਰ ਪੋਸਟਰ ਰਿਲੀਜ਼ ਕਰਨ ਤੋਂ ਬਾਅਦ ਅੱਜ 12 ਅਪ੍ਰੈਲ 2022 ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਟ੍ਰੇਲਰ ਦੇਖਣ ਤੋਂ ਬਾਅਦ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵੇਂ ਪੋਸਟਰ ਟ੍ਰੇਲਰ ਦੇ ਨਾਲ ਨਿਆਂ ਕਰਦੇ ਹਨ। ਟ੍ਰੇਲਰ ਦੇ ਰਲੀਜ਼ ਹੋਣ ਦੇ ਨਾਲ ਹੀ ਇਸ ਦੀ ਸ਼ਾਨਦਾਰ ਕਹਾਣੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਜਤਿੰਦਰ ਮੌਹਰ ਦੁਆਰਾ ਨਿਰਮਿਤ ਅਤੇ ਮਰਹੂਮ ਦੀਪ ਸਿੱਧੂ, ਗੁੱਗੂ ਗਿੱਲ, ਸੁਖਦੀਪ ਸੁੱਖ, ਮਹਾਵੀਰ ਭੁੱਲਰ, ਅੰਮ੍ਰਿਤ ਔਲਖ ਤੇ ਹੋਰ ਕਿਰਦਾਰ ਮੁੱਖ ਰੂਪ 'ਚ ਨਜ਼ਰ ਆਉਣਗੇ। ਦੀਪ ਸਿੱਧੂ ਹਰ ਵਾਰ ਦੀ ਤਰ੍ਹਾਂ ਆਪਣੇ ਕੰਮ ਦੇ ਪ੍ਰਤੀ ਸ਼ਾਨਦਾਰ ਜਜ਼ਬਾ ਦਿਖਾਉਂਦੇ ਹੋਏ ਪ੍ਰੋਫੈਸ਼ਨਲ ਕੁਸ਼ਤੀ ਕਰਦੇ ਨਜ਼ਰ ਆਉਣਗੇ। ਕਲਾਕਾਰਾਂ ਨੇ ਆਪਣੇ ਸ਼ਾਨਦਾਰ ਅਦਾਕਾਰੀ ਦੇ ਨਾਲ ਕਿਰਦਾਰ ਨਾਲ ਨਿਆਂ ਕੀਤਾ ਹੈ। ਮਰਹੂਮ ਅਦਾਕਾਰ ਦੀਪ ਸਿੱਧੂ ਇਸ ਫਿਲਮ ਦਾ ਮੁੱਖ ਅਕਰਸ਼ਣ ਰਹਿਣਗੇ। ਗੌਰਤਲਬ ਹੈ ਕਿ ਇਸ ਫਿਲਮ ਦੀ ਸ਼ੂਟਿੰਗ 2019 'ਚ ਪੂਰੀ ਕਰ ਲਈ ਗਈ ਸੀ ਪਰ ਕੋਵੀਡ 19 ਕਰਕੇ ਇਹ ਫਿਲਮ ਸਿਨੇਮਾ ਘਰ 'ਚ ਰਿਲੀਜ਼ ਨਹੀਂ ਹੋ ਸਕੀ। ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ ਮਰਹੂਮ ਦੀਪ ਸਿੱਧੂ ਤੇ ਸੁਖਦੀਪ ਸੁੱਖ ਦੇ ਹੱਸਦੇ ਹੋਏ ਚਿਹਰੇ ਪੋਸਟਰ ਨੂੰ ਚਾਰ ਚੰਦ ਲਗਾ ਰਹੇ ਹਨ|

ਸੰਗੀਤ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਸਾਗਾ ਸਟੂਡੀਓ ਪੰਜਾਬੀ ਫਿਲਮ ਜਗਤ ਦੇ 'ਚ ਇਕ ਅਲੱਗ ਪਛਾਣ ਬਣਾ ਚੁੱਕਾ ਹੈ। ਕਾਮੇਡੀ ਫ਼ਿਲਮਾਂ ਦੇ ਨਾਲ-ਨਾਲ ਬਹੁਤ ਹੀ ਸ਼ਾਨਦਾਰ ਵੱਖ-ਵੱਖ ਜੌਣਰ ਦੀਆਂ ਫਿਲਮਾਂ ਦਰਸ਼ਕਾਂ 'ਚ ਸਾਗਾ ਸਟੂਡੀਓ ਦੁਆਰਾ ਰਿਲੀਜ਼ ਕੀਤੀਆਂ ਗਈਆਂ ਹਨ। ਸਾਗਾ ਮਿਊਜ਼ਿਕ ਨੇ ਦੱਸਿਆ ਕਿ ਫਿਲਮ ਦਾ ਮਿਊਜ਼ਿਕ ਸ਼ਾਨਦਾਰ ਹੈ ਤੇ ਇਸ ਦੇ ਸ਼ਾਨਦਾਰ ਗਾਣੇ ਦਰਸ਼ਕਾਂ ਦੇ ਦਿਲ ਨੂੰ ਝੰਜੋੜ ਕੇ ਰੱਖ ਦੇਣਗੇ।

ਫਿਲਮ ਦੇ ਪ੍ਰੋਡਿਊਸਰ ਤੇ ਸਾਗਾ ਮਿਊਜ਼ਿਕ ਦੇ ਮਾਲਕ ਸੁਮੀਤ ਸਿੰਘ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਸਾਡੀ ਸਮਾਜਿਕ ਸੋਚ ਦੇ ਵਖਰੇਵੇਂ ਉਪੱਰ ਅਧਾਰਿਤ ਹੈ| ਇਹ ਇੱਕ ਪਰਿਵਾਰਕ ਕਹਾਣੀ ਹੈ ਤੇ ਹਰ ਉਮਰ ਦੇ ਲੋਕ ਸਿਨੇਮਾ ਘਰ ਵਿਚ ਜਾ ਕੇ ਦੇਖਣਾ ਪਸੰਦ ਕਰਨਗੇ| ਸੁਮੀਤ ਸਿੰਘ ਨੇ ਦੱਸਿਆ ਕਿ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਖੂਨ ਪਾਣੀ ਨਾਲੋਂ ਗਾੜ੍ਹਾ ਹੁੰਦਾ ਹੈ ਅਤੇ ਸਾਨੂੰ ਦੁਨਿਆਵੀ ਆਕਰਸ਼ਣਾਂ ਤੋਂ ਉਪਰ ਉੱਠ ਕੇ ਸੋਚਣਾ ਚਾਹੀਦਾ ਹੈ। ਖ਼ੂਨ ਦੇ ਰਿਸ਼ਤਿਆਂ ਤੋਂ ਪਾਰ ਮੋਹ ਅਤੇ ਮੁਹੱਬਤ ਦੀਆਂ ਬਾਰੀਕ ਤੰਦਾਂ ਉਘਾੜਦੀ ਆਪਣੀ ਫ਼ਿਲਮ 'ਸਾਡੇ ਆਲ਼ੇ'। ਤਮਾਮ ਮੁਸ਼ਕਿਲਾਂ ਦੇ ਬਾਵਜੂਦ ਪਿੰਡ ਅਤੇ ਪੇਂਡੂਆਂ ਨੇ ਜ਼ਿੰਦਗੀ ਦੀ ਜੋ ਖ਼ੂਬਸੂਰਤੀ ਬਚਾਕੇ ਰੱਖੀ ਹੈ। ‘ਸਾਡੇ ਆਲੇ’ ਉਸੇ ਖ਼ੂਬਸੂਰਤੀ ਦਾ ਜਸ਼ਨ ਹੈ। ਇਹ ਉਨ੍ਹਾਂ ਕਿਰਦਾਰਾਂ ਦੀ ਕਹਾਣੀ ਹੈ ਜੋ ਖੇਡ ਅਤੇ ਜ਼ਿੰਦਗੀ ਦੇ ਪਾੜਿਆਂ ਦੇ ਆਰ-ਪਾਰ ਸੰਘਰਸ਼ ਵਿੱਚ ਲੱਗੇ ਹੋਏ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਹਮੇਸ਼ਾ ਸਾਡੇ ਦਿਲ ਵਿਚ ਰਹਿਣਗੇ ਅਤੇ ਅਸੀਂ ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕਰਦੇ ਰਹਾਂਗੇ।