ਇਤਿਹਾਸਿਕ ਪ੍ਰਤੀਕਾਂ ਪ੍ਰਤੀ ਨਫ਼ਰਤ ਦੀ ਉਦਾਹਰਣ,ਪਾਕਿਸਤਾਨ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਿਆ

by vikramsehajpal

ਲਾਹੌਰ (ਦੇਵ ਇੰਦਰਜੀਤ) : ਭਾਰਤੀ ਇਤਿਹਾਸ ਨਾਲ ਜੁੜੇ ਪ੍ਰਤੀਕਾਂ ਪ੍ਰਤੀ ਨਫ਼ਰਤ ਦੀ ਇਕ ਹੋਰ ਉਦਾਹਰਣ ਪਾਕਿਸਤਾਨ ਵਿਚ ਵੇਖਣ ਨੂੰ ਮਿਲੀ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਇਕ ਵਾਰ ਫਿਰ ਤੋੜ ਦਿੱਤਾ ਗਿਆ ਹੈ। ਇਹ ਕਾਰਵਾਈ ਤਹਿਰੀਕ-ਏ-ਲਬੈਕ ਪਾਕਿਸਤਾਨ ਨਾਲ ਜੁੜੇ ਇਕ ਵਿਅਕਤੀ ਵੱਲੋਂ ਕੀਤੀ ਗਈ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਬੁੱਤ ਤੋੜਨ ਵਾਲੇ ਲੋਕਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਤਹਿਰੀਕ-ਏ-ਲਬੈਕ ਪਾਕਿਸਤਾਨ ਦੀ ਇਕ ਰਾਜਨੀਤਿਕ ਪਾਰਟੀ ਹੈ। ਇਸ ਮੂਰਤੀ ’ਤੇ ਕੀਤਾ ਗਿਆ ਇਹ ਤੀਜਾ ਹਮਲਾ ਹੈ।

9 ਫੁੱਟ ਦੀ ਮੂਰਤੀ ਦਾ ਲਾਹੌਰ ਕਿਲ੍ਹੇ ਵਿਚ ਜੂਨ 2019 ਵਿਚ ਮਹਾਰਾਜਾ ਦੀ 180ਵੀਂ ਬਰਸੀ ਮੌਕੇ ਉਦਘਾਟਨ ਕੀਤਾ ਗਿਆ ਸੀ। ਇਸ ਬੁੱਤ ਵਿਚ ਰਣਜੀਤ ਸਿੰਘ ਨੂੰ ਘੋੜੇ 'ਤੇ ਬੈਠੇ, ਹੱਥ ਵਿਚ ਤਲਵਾਰ ਅਤੇ ਸਿੱਖ ਪਹਿਰਾਵੇ ਵਿਚ ਦਿਖਾਇਆ ਗਿਆ ਹੈ। ਸਿੱਖ ਸਾਮਰਾਜ ਦੇ ਪਹਿਲੇ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਸਮੇਤ ਭਾਰਤੀ ਉਪ ਮਹਾਦੀਪ ਦੇ ਇਕ ਵੱਡੇ ਹਿੱਸੇ ਉੱਤੇ ਤਕਰੀਬਨ 40 ਸਾਲਾਂ ਤੱਕ ਰਾਜ ਕੀਤਾ ਸੀ। 1839 ਵਿਚ ਉਸ ਦਾ ਦਿਹਾਂਤ ਹੋ ਗਿਆ ਸੀ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਹਰ ਕੋਈ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ।