Exit Poll 2022 : ਯੂਪੀ ’ਚ ਭਾਜਪਾ ਦੀ ਵਾਪਸੀ, ਪੰਜਾਬ ’ਚ ਚੱਲੇਗਾ “ਝਾੜੂ”, ਜਾਣੋ ਬਾਕੀ ਸੂਬਿਆਂ ਦੇ ਨਤੀਜੇ

by jaskamal

ਨਿਊਜ਼ ਡੈਸਕ : ਪੰਜ ਸੂਬਿਆਂ ਦੀਆਂ ਚੋਣਾਂ ਖ਼ਤਮ ਹੋਣ ਦੇ ਨਾਲ ਹੀ ਸੋਮਵਾਰ ਨੂੰ ਜਾਰੀ ਐਗਜ਼ਿਟ ਪੋਲ ਸਹੀ ਰਹੇ ਤਾਂ ਯੂਪੀ ਲਗਾਤਾਰ ਦੂਜੀ ਵਾਰ ਭਾਜਪਾ ਨੂੰ ਸੱਤਾ ਸੌਂਪੇਗਾ ਤੇ ਪੰਜਾਬ ਦਾ ਨਤੀਜਾ ਕੁਝ ਦਿੱਲੀ ਵਾਂਗ ਵੀ ਹੋ ਸਕਦਾ ਹੈ, ਜਿੱਥੇ ਦੂਜੀਆਂ ਪਾਰਟੀਆਂ ’ਤੇ ਝਾੜੂ ਫਿਰ ਸਕਦਾ ਹੈ। ਉੱਤਰਾਖੰਡ ਦੇ ਐਗਜ਼ਿਟ ਪੋਲ ’ਚ ਸਥਿਰਤਾ ਦੀ ਕਮੀ ਰਹੀ, ਕਿਸੇ ਨੇ ਭਾਜਪਾ ਦੀ ਸਰਕਾਰ ਬਣਾਈ ਤਾਂ ਕਿਸੇ ਨੇ ਕਾਂਗਰਸ ਨੂੰ ਬਹੁਮਤ ਦਿੱਤਾ। ਸਹੀ ਮਾਅਨਿਆਂ ’ਚ ਇਸ ਚੋਣ ’ਚ ਦੋ ਸੂਬਿਆਂ ’ਤੇ ਸਭ ਦੀ ਨਜ਼ਰ ਰਹੀ। ਦੇਸ਼ ਦਾ ਸਭ ਤੋਂ ਵੱਡਾ ਸੂਬਾ ਉੱਤਰ ਪ੍ਰਦੇਸ਼ ਤੇ ਦੂਜਾ ਕਿਸਾਨ ਅੰਦੋਲਨ ਤੋਂ ਲੈ ਕੇ ਅੰਦਰੂਨੀ ਲੜਾਈ ਤਕ ਦਾ ਕੇਂਦਰ ਬਣਿਆ ਰਿਹਾ ਪੰਜਾਬ।

ਕੋਵਿਡ ਤੋਂ ਲੈ ਕੇ ਕਿਸਾਨ ਅੰਦੋਲਨ ਤਕ ਉੱਤਰ ਪ੍ਰਦੇਸ਼ ਨੂੰ ਸਿਆਸੀ ਅਖਾਡ਼ਾ ਵੀ ਬਣਾਇਆ ਗਿਆ ਪਰ ਸੱਤ ਪੜਾਵਾਂ ਤੋਂ ਬਾਅਦ ਜਾਰੀ ਹੋਏ ਐਗਜ਼ਿਟ ਪੋਲ ’ਚ ਲਗਪਗ ਸਾਰੀਆਂ ਸਰਵੇ ਏਜੰਸੀਆਂ ਨੇ ਭਾਜਪਾ ਨੂੰ ਬਹੁਮਤ ਦਿੱਤਾ। ਔਸਤ ਰੂਪ ’ਚ ਭਾਜਪਾ ਨੂੰ 403 ’ਚੋਂ 235-240 ਸੀਟਾਂ ਦਿੱਤੀਆਂ ਗਈਆਂ। ਜ਼ਾਹਿਰ ਤੌਰ ’ਤੇ ਇਹ ਭਾਜਪਾ ਦੇ ਦਾਅਵਿਆਂ ਤੋਂ ਘੱਟ ਹੋਵੇਗਾ ਜੋ ਲਗਾਤਾਰ 300 ਸੀਟਾਂ ਦਾ ਦਾਅਵਾ ਕਰਦੀ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਹੇਠਾਂ ਤਕ ਦੇ ਭਾਜਪਾ ਆਗੂਆਂ ਵੱਲੋਂ ਵਾਰ-ਵਾਰ ਪ੍ਰੋ-ਇਨਕੰਬੈਂਸੀ ਦੀ ਗੱਲ ਕੀਤੀ ਜਾ ਰਹੀ ਹੈ, ਜੇਕਰ ਯੂਪੀ ’ਚ ਦੁਬਾਰਾ ਵਾਪਸੀ ਹੁੰਦੀ ਹੈ ਤਾਂ ਇਸ ਨਾਅਰੇ ਨੂੰ ਹੋਰ ਬਲ ਮਿਲ ਸਕਦਾ ਹੈ।

ਜੇਕਰ ਐਗਜ਼ਿਟ ਪੋਲ ਸਹੀ ਹੋਏ ਤਾਂ ਕਾਂਗਰਸ ਨੂੰ ਮੁੜ ਤੋਂ ਵੱਡੀ ਨਿਰਾਸ਼ਾ ਹੱਥ ਲੱਗ ਸਕਦੀ ਹੈ ਕਿਉਂਕਿ ਪੰਜਾਬ ’ਚ ਕਿਸੇ ਵੀ ਏਜੰਸੀ ਨੇ ਕਾਂਗਰਸ ਦੀ ਵਾਪਸੀ ਨਹੀਂ ਦਿਖਾਈ। ਬਜਾਏ ਇਸਦੇ ਆਮ ਆਦਮੀ ਪਾਰਟੀ ਦੀ ਲਹਿਰ ਦਿਸੀ ਜਿਸ ’ਚ ਵੱਖ-ਵੱਖ ਏਜੰਸੀਆਂ ਨੇ 60-100 ਸੀਟਾਂ ਤਕ ਦੇ ਦਿੱਤੀਆਂ ਹਨ। ਉੱਤਰਾਖੰਡ ਛੋਟਾ ਸੂਬਾ ਹੈ ਤੇ ਇੱਥੇ ਇਕ ਸੀਟ ਦਾ ਹੇਰਫੇਰ ਵੀ ਦਲਾਂ ਲਈ ਭਾਰੀ ਪੈਂਦਾ ਰਿਹਾ ਹੈ। ਐਗਜ਼ਿਟ ਪੋਲ ਦਾ ਔਸਤ ਕੱਢਿਆ ਜਾਵੇ ਤਾਂ ਸਹੀ ਸਥਿਤੀ 10 ਮਾਰਚ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗੀ।