ਜਹਾਜ਼ ‘ਚ ਸਫਰ ਹੋਇਆ ਮਹਿੰਗਾ, ਇਕੋਨਮੀ ਟਿਕਟਾਂ ਦੇ 40-50 ਫੀਸਦੀ ਵਧੇ ਰੇਟ

by jaskamal

ਨਿਊਜ਼ ਡੈਸਕ : ਦੇਸ਼ 'ਚ ਹੁਣ ਹਵਾਈ ਯਾਤਰਾ ਵੀ ਮਹਿੰਗੀ ਹੋ ਗਈ ਹੈ। ਦਿੱਲੀ ਮੁੰਬਈ 'ਚ 2500 ਰੁਪਏ 'ਚ ਮਿਲਣ ਵਾਲੀ ਏਅਰ ਇੰਡੀਆ ਦੀ ਟਿਕਟ ਹੁਣ 4,000 ਰੁਪਏ 'ਚ ਮਿਲ ਰਹੀ ਹੈ। ਇਹੀ ਟਿਕਟ ਇੰਡਿਗੋ ਤੋਂ ਸਫਰ ਕਰਨ 'ਤੇ 6,000 ਰੁਪਏ ਦੀ ਹੈ। ਟਿਕਟ ਮਹਿੰਗੀ ਹੋਣ ਦੇ ਦੋ ਕਾਰਨ ਦੱਸੇ ਜਾ ਰਹੇ ਹਨ ਪਹਿਲਾ ਏਟੀਐੱਫ ਦਾ 26 ਫੀਸਦੀ ਮਹਿੰਗਾ ਹੋਣਾ, ਦੂਜਾ ਸੀਟਾਂ ਦੀ 80 ਤੋਂ 90 ਫੀਸਦੀ ਤੱਕ ਵਿਕਰੀ।

ਸਾਲ 2022 ਦੀ ਸ਼ੁਰੂਆਤ ਤੋਂ ਹੀ ਹਰ 15 ਦਿਨ 'ਚ ਏਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਵਧ ਰਿਹਾ ਹੈ। ਹੁਣ ਪੰਜਵੀਂ ਵਾਰ 3.30 ਫੀਸਦੀ ਵਧਣ ਤੋਂ ਬਾਅਦ ਇਸ ਸਾਲ ਏਟੀਐੱਫ 26 ਫੀਸਦੀ ਤੱਕ ਵਧ ਚੁੱਕਾ ਹੈ। ਹਾਲਾਂਕਿ ਹਵਾਈ ਯਾਤਰਾ ਦੇ ਟਿਕਟ ਤਾਂ ਇਕ ਸਾਲ ਪਹਿਲਾਂ ਤੋਂ ਖਰੀਦੇ ਜਾ ਸਕਦੇ ਹਨ ਪਰ ਏਅਰਲਾਈਨਜ਼ ਇਹ ਦੇਖਦੀਆਂ ਹਨ ਕਿ ਹਵਾਈ ਯਾਤਰਾ ਤੋਂ ਇਕ ਮਹੀਨੇ ਪਹਿਲਾਂ ਘੱਟੋ-ਘੱਟ 30 ਫੀਸਦੀ ਟਿਕਟ ਜ਼ਰੂਰ ਵਿਕ ਜਾਣ। ਜੇ ਅਜਿਹਾ ਨਹੀਂ ਹੁੰਦਾ ਤਾਂ ਟਿਕਟ ਦੇ ਰੇਟ ਘਟਾ ਦਿੱਤੇ ਜਾਂਦੇ ਹਨ ਜਾਂ ਫਿਰ ਕੁਝ ਆਫਰ ਨਾਲ ਟਿਕਟ ਦੀ ਵਿਕਰੀ ਕੀਤੀ ਜਾਂਦੀ ਹੈ।

ਰਿਪੋਰਟਾਂ ਮੁਤਾਬਕ ਕੋਰੋਨਾ ਦੇ ਕਾਬੂ ਹੇਠ ਆਉਣ ਹੋਣ ਪਿੱਛੋਂ ਹੁਣ ਲੋਕ ਹਵਾਈ ਸਫਰ 'ਚ ਵਧੇਰੇ ਉਤਸ਼ਾਹ ਦਿਖਾ ਰਹੇ ਹਨ, ਜਿਸ ਕਰਕੇ ਏਅਰ ਲਾਈਨਸ ਫੇਅਰ ਦਾ ਡਾਇਨਮਿਕ ਤਰੀਕਾ ਇਸਤੇਮਾਲ ਕਰ ਰਹੀ ਹੈ। ਮਤਲਬ ਸੀਟਾਂ ਤੇਜ਼ੀ ਨਾਲ ਵਿਕ ਰਹੀਆਂ ਹਨ ਇਸ ਲਈ ਕਿਰਾਏ ਵਧਾ ਦਿੱਤੇ ਗਏ ਹਨ।