2.30 ਕਰੋੜ ਵਿਜ਼ੀਟਰਸ ਦੀ ਸ਼ਮੂਲੀਅਤ ਨਾਲ ਦੁਬਈ ਐਕਸਪੋ ਨੇ ਰਚਿਆ ਇਤਿਹਾਸ

by jaskamal

ਨਿਊਜ਼ ਡੈਸਕ : ਦੁਬਈ ’ਚ ਹਾਲ ਹੀ ਵਿਚ ਸੰਪੰਨ ਹੋਏ ਵਰਲਡ ਐਕਸਪੋ 2020 ’ਚ 2 ਕਰੋੜ 30 ਲੱਖ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ। ਵਿਜ਼ੀਟਰਸ ਦੀ ਗਿਣਤੀ ਦੇ ਲਿਹਾਜ਼ ਨਾਲ ਦੁਬਈ ਐਕਸਪੋ ਨੇ ਮਿਲਾਨ ’ਚ 2015 'ਚ ਹੋਏ ਵਰਲਡ ਐਕਸਪੋ ਨੂੰ ਪਿੱਛੇ ਛੱਡ ਦਿੱਤਾ ਹੈ। ਮਿਲਾਨ ਐਕਸਪੋ ’ਚ 2.15 ਕਰੋੜ ਲੋਕਾਂ ਨੇ ਵਿਜ਼ਿਟ ਕੀਤਾ ਸੀ। ਇਹ ਐਕਸਪੋ ਦੁਬਈ ’ਚ 2020 ਵਿਚ ਹੋਣਾ ਤੈਅ ਹੋਇਆ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਹ 1 ਅਕਤੂਬਰ 2021 ਤੋਂ ਲੈ ਕੇ 31 ਮਾਰਚ 2022 ਦਰਮਿਆਨ ਕਰਵਾਇਆ ਗਿਆ ਤੇ 31 ਮਾਰਚ ਨੂੰ ਇਕ ਸ਼ਾਨਦਾਰ ਸਮਾਗਮ ਦੇ ਨਾਲ ਇਸ ਦੀ ਸਮਾਪਤੀ ਹੋਈ।

ਦੁਬਈ ਐਕਸਪੋ ਦੇ ਸਮਾਪਤੀ ਸਮਾਗਮ ਦੌਰਾਨ 11 ਸਾਲਾ ਬਾਲ ਮਾਡਲ ਮੀਰਾ ਸਿੰਘ ਦੀ ਪ੍ਰਫਾਰਮੈਂਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਬੇਲਾਰੂਸੀ ਮਾਂ ਤੇ ਭਾਰਤੀ ਪਿਤਾ ਦੀ ਔਲਾਦ ਇਸ ਬੱਚੀ ਨੇ ਅਮੀਰਾਤ ਦਾ ਪਹਿਰਾਵਾ ਪਹਿਨਿਆ ਹੋਇਆ ਸੀ ਅਤੇ ਦੁਨੀਆ ਤੋਂ ਦੁਬਈ ਦੀਆਂ ਉਮੀਦਾਂ ਨੂੰ ਪ੍ਰਗਟ ਕਰ ਰਹੀ ਸੀ।

ਐਕਸਪੋ ਦੇ ਆਖਰੀ ਦਿਨ ਤਕ 2 ਕਰੋੜ 30 ਲੱਖ ਤੋਂ ਵੱਧ ਲੋਕ ਇਸ 'ਚ ਵਿਜ਼ਿਟ ਕਰ ਚੁੱਕੇ ਸਨ। ਹਾਲਾਂਕਿ ਵਿਜ਼ੀਟਰਸ ਦਾ ਅੰਤਿਮ ਅੰਕੜਾ ਬਾਅਦ ’ਚ ਆਏਗਾ ਪਰ ਇਸ ਐਕਸਪੋ ਦੇ ਆਯੋਜਕਾਂ ਵੱਲੋਂ ਨਿਰਧਾਰਤ ਕੀਤੇ ਗਏ ਵਿਜ਼ੀਟਰਸ ਦੇ ਟੀਚੇ ਨੂੰ ਹਾਸਲ ਕਰ ਲਿਆ ਗਿਆ ਹੈ। ਐਕਸਪੋ ਦਾ ਥੀਮ ‘ਕੁਨੈਕਟਿੰਗ ਮਾਈਂਡਸ, ਕ੍ਰਿਏਟਿੰਗ ਫਿਊਚਰ’ ਰੱਖਿਆ ਗਿਆ ਸੀ ਤੇ ਐਕਸਪੋ ’ਚ ਮੌਜੂਦਾ ਦੌਰ ਵਿਚ ਕੀਤੇ ਜਾ ਰਹੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ।