ਮਿਆਂਮਾਰ ‘ਚ ਫੌਜ ਨੇ ਲਾਈ ਫੇਸਬੁੱਕ ’ਤੇ ਰੋਕ

by vikramsehajpal

ਯੰਗੂਨ (ਦੇਵ ਇੰਦਰਜੀਤ)- ਮਿਆਂਮਾਰ ਦੀ ਨਵੀਂ ਫ਼ੌਜੀ ਸਰਕਾਰ ਨੇ ਤਖ਼ਤਾਪਲਟ ਕਰਕੇ ਦੇਸ਼ ਦੀ ਚੁਣੀ ਹੋਈ ਸਰਕਾਰ ਅਤੇ ਉਸ ਦੀ ਨੇਤਾ ਆਂਗ ਸਾਂ ਸੂ ਕੀ ਨੂੰ ਅਹੁਦੇ ਤੋਂ ਲਾਂਭੇ ਕਰਨ ਖ਼ਿਲਾਫ਼ ‘ਸਿਵਲ ਨਾਫੁਰਮਾਨੀ’ ਅੰਦੋਲਨ ਦੇ ਸੱਦੇ ਦੇ ਚੱਲਦਿਆਂ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ’ਤੇ ਰੋਕ ਲਗਾ ਦਿੱਤੀ।

ਹਾਲ ’ਚ ਹੀ ਚੁਣੇ ਗਏ ਲੱਗਪਗ 70 ਸੰਸਦ ਮੈਂਬਰਾਂ ਨੇ ਨਵੀਂ ਫ਼ੌਜੀ ਸਰਕਾਰ ਦੇ ਹੁਕਮ ਦੀ ਉਲੰਘਣਾ ਕਰਦਿਆਂ ਸੰਸਦ ਦੀ ਸੰਕੇਤਕ ਬੈਠਕ ਸੱਦੀ। ਸੰਸਦ ਮੈਂਬਰਾਂ ਮੁਤਾਬਕ ਸੰਸਦ ਦੀ ਇਹ ਬੈਠਕ ਸੰਕੇਤਕ ਸੀ ਜਿਸ ਵਿੱਚ ਉਨ੍ਹਾਂ ਸੁਨੇਹਾ ਦਿੱਤਾ ਕਿ ਫ਼ੌਜ ਨਹੀਂ ਬਲਕਿ ਉਹ ਦੇਸ਼ ਦੇ ਜਾਇਜ਼ ਕਾਨੂੰਨਘਾੜੇ ਹਨ। ਕੁਝ ਸੰਸਦ ਮੈਂਬਰਾਂ ਨੇ ਗੈਸਟ ਹਾਊਸ ਛੱਡਦਿਆਂ ਗੁੱਸੇ ਦਾ ਇਜ਼ਹਾਰ ਕੀਤਾ ਅਤੇ ਤਖ਼ਤਾਪਲਟ ਦੇ ਵਿਰੋਧ ਦੀ ਵਚਨਬੱਧਤਾ ਪ੍ਰਗਟਾਈ। ਦੇਸ਼ ਵਿੱਚ ਤਖ਼ਤਾਪਲਟ ਦਾ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ।

ਇਸ ਦੌਰਾਨ ਰਾਜਧਾਨੀ ਨੇਪਈਤਾ ’ਚ ਹਜ਼ਾਰਾਂ ਲੋਕਾਂ ਨੇ ਫ਼ੌਜੀ ਸਾਸ਼ਨ ਦੇ ਹੱਕ ’ਚ ਵੀ ਰੈਲੀ ਕੱਢੀ। ਦੂਜੇ ਪਾਸੇ ਮੋਬਾਈਲ ਸੇਵਾ ਕੰਪਨੀ ‘ਟੈਲੀਨਾਰ ਮਿਆਂਮਾਰ’ ਨੇ ਇੱਕ ਬਿਆਨ ’ਚ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸੰਚਾਰ ਮੰਤਰਾਲੇ ਤੋਂ ਫੇਸਬੁੱਕ ਨੂੰ ਆਰਜ਼ੀ ਤੌਰ ’ਤੇ ਬੰਦ ਕਰਨ ਦਾ ਹੁਕਮ ਮਿਲਿਆ ਹੈ।