‘Facebook’ ਨੇ ਡਿਲੀਟ ਕੀਤੀਆਂ ਨਿਊਜੀਲੈਂਡ ਮਸਜਿਦ ਹਮਲੇ ਦੀ 15 ਲੱਖ ਵੀਡੀਓਜ਼

by mediateam
ਵੈੱਬ ਡੈਸਕ (ਵਿਕਰਮ ਸਹਿਜਪਾਲ) : ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦਾ ਕਹਿਣਾ ਹੈ ਕਿ ਉਸ ਨੇ ਨਿਊਜ਼ੀਲੈਂਡ ਕ੍ਰਾਈਸਟਚਰਚ ਗੋਲੀਬਾਰੀ ਦੀਆਂ 15 ਲੱਖ ਵੀਡੀਓਜ਼ ਹਟਾਈਆਂ ਹਨ। ਸ਼ੁੱਕਰਵਾਰ ਨੂੰ ਇਥੋਂ ਦੀਆਂ ਦੋ ਮਸਜਿਦਾਂ 'ਚ ਹਮਲਾਵਰ ਨੇ ਅੰਨੇਵਾਹ ਗੋਲੀਬਾਰੀ ਕੀਤੀ, ਜਿਸ 'ਚ 50 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 50 ਹੋਰ ਲੋਕ ਜ਼ਖਮੀ ਹੋ ਗਏ। ਸ਼ੁੱਕਰਵਾਰ ਦੇ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਲਈ ਮਸਜਿਦਾਂ 'ਚ ਇਕੱਠੇ ਹੁੰਦੇ ਸਨ। ਹਮਲਾਵਰ ਨੇ ਪੂਰੀ ਘਟਨਾ ਦਾ ਫੇਸਬੁੱਕ ਤੇ ਯੂਨਿਊਬ 'ਤੇ ਲਾਈਵ ਵੀਡੀਓ ਵੀ ਬਣਾਇਆ ਸੀ। ਫੇਸਬੁੱਕ ਨੇ ਆਪਣੇ ਟਵੀਟ 'ਚ ਕਿਹਾ ਕਿ ਪਹਿਲੇ 24 ਘੰਟਿਆਂ 'ਚ ਅਸੀਂ ਹਮਲੇ ਦੀਆਂ 15 ਲੱਖ ਵੀਡੀਓਜ਼ ਹਟਾਈਆਂ ਹਨ।  ਇੰਨੀ ਮਾਤਰਾ 'ਚ ਹਟਾਈਆਂ ਗਈਆਂ ਵੀਡੀਓਜ਼ ਤੋਂ ਸਾਫ ਪਤਾ ਲੱਗਦਾ ਹੈ ਕਿ ਇਨ੍ਹਾਂ ਨੂੰ ਵੱਡੀ ਗਿਣਤੀ 'ਚ ਲੋਕਾਂ ਨੇ ਸ਼ੇਅਰ ਕੀਤਾ ਤੇ ਇਹ ਬਹੁਤ ਵਾਇਰਲ ਵੀ ਹੋਈ ਸੀ। ਫੇਸਬੁੱਕ ਨੇ ਆਪਣੇ ਇਕ ਹੋਰ ਟਵੀਟ 'ਚ ਕਿਹਾ ਕਿ ਨਿਊਜ਼ੀਲੈਂਡ ਪੁਲਸ ਤੋਂ ਹਮਲੇ ਨਾਲ ਸਬੰਧਤ ਵੀਡੀਓ ਦੀ ਜਾਣਕਾਰੀ ਮਿਲਣ ਤੋਂ ਬਾਅਦ ਤੋਂ ਹੀ ਉਸ ਨੇ ਇੰਸਟਾਗ੍ਰਾਮ ਤੇ ਫੇਸਬੁੱਕ ਤੋਂ ਤੇਜ਼ੀ ਨਾਲ ਵੀਡੀਓ ਹਟਾਈਆਂ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਮਲੇ ਦੀ ਸ਼ਲਾਘਾ ਨਾਲ ਸਬੰਧਿਤ ਸਮੱਗਰੀ ਵੀ ਹਟਾ ਦਿੱਤੀ ਹੈ।  ਫੇਸਬੁੱਕ ਨਿਊਜ਼ੀਲੈਂਡ ਮਿਆ ਗਾਰਲਿਕ ਦਾ ਕਹਿਣਾ ਹੈ ਕਿ ਘਟਨਾ ਨਾਲ ਪੀੜਤ ਲੋਕਾਂ ਦੇ ਸਨਮਾਨ ਤੇ ਸਥਾਨਕ ਪ੍ਰਸ਼ਾਸਨ ਦੀਆਂ ਚਿੰਤਾਵਾਂ ਨੂੰ ਦੇਖਦੇ ਹੋਏ ਵੀਡੀਓ ਦੇ ਸਾਰੇ ਐਡਿਟ ਕੀਤੇ ਵਰਜ਼ਨ ਵੀ ਹਟਾਏ ਜਾ ਰਹੇ ਹਨ। ਦੱਸਣਯੋਗ ਹੈ ਕਿ ਸਿਰਫ ਫੇਸਬੁੱਕ ਹੀ ਅਜਿਹਾ ਪਲੇਟਫਾਰਮ ਹੈ ਜਿਥੇ ਗੋਲੀਬਾਰੀ ਦੀ ਘਟਨਾ ਦੀ ਵੀਡੀਓ ਸ਼ੇਅਰ ਕੀਤਾ ਗਿਆ ਸੀ। ਫੇਸਬੁੱਕ 'ਤੇ ਸ਼ੇਅਰ ਹੋਇਆ ਇਹ ਲਾਈਵ ਕੁਝ ਦੇਰ ਬਾਅਦ ਯੂਟਿਊਬ 'ਤੇ ਵੀ ਸ਼ੇਅਰ ਕੀਤਾ ਗਿਆ। ਗੂਗਲ ਦੇ ਵੀਡੀਓ ਪਲੇਟਫਾਰਮ ਨੇ ਟਵੀਟ ਕਰਕੇ ਕਿਹਾ ਕਿ ਉਹ ਸਾਵਧਾਨੀ ਨਾਲ ਹਮਲੇ ਨਾਲ ਸਬੰਧਿਤ ਸਾਰੀਆਂ ਹਿੰਸਕ ਵੀਡੀਓਜ਼ ਨੂੰ ਹਟਾਉਣ ਦਾ ਕੰਮ ਕਰ ਰਿਹਾ ਹੈ।