ਫੇਸਬੁੱਕ ਨੇ ਆਸਟਰੇਲੀਆ ਵਿਚ ਖ਼ਬਰਾਂ ਕੀਤੀਆਂ ਬੰਦ, ਸਰਕਾਰ ਨਾਲ ਟਕਰਾਅ ਵਧਿਆ

by vikramsehajpal

ਮੈਲਬਰਨ (ਦੇਵ ਇੰਦਰਜੀਤ)- ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਫੇਸਬੁੱਕ ਵੱਲੋਂ ਦੇਸ਼ ਵਿਚ ਉਪਭੋਗਤਾਵਾਂ ਲਈ ਖ਼ਬਰਾਂ ਦੀ ਸਮੱਗਰੀ 'ਤੇ ਪਾਬੰਦੀ ਲਗਾਉਣ ਤੋਂ ਨਹੀਂ ਡਰਦੀ। ਉਸਨੇ ਕਿਹਾ ਕਿ ਫੇਸਬੁੱਕ ਦੀ “ਅਨਫ੍ਰੈਂਡ ਆਸਟਰੇਲੀਆ” ਦੀ ਕੋਸ਼ਿਸ਼ ਮੰਦਭਾਗੀ ਸੀ।

ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਵੀਰਵਾਰ ਨੂੰ ਆਸਟਰੇਲੀਆ ਵਿਚ ਖ਼ਬਰਾਂ ਨਾਲ ਸਬੰਧਤ ਸਮੱਗਰੀ 'ਤੇ ਪਾਬੰਦੀ ਲਗਾ ਦਿੱਤੀ ਸੀ। ਗੂਗਲ ਨੇ ਇਹ ਵੀ ਕਿਹਾ ਹੈ ਕਿ ਉਹ ਆਸਟਰੇਲੀਆ ਵਿਚ ਆਪਣਾ ਸਰਚ ਇੰਜਨ ਬੰਦ ਕਰ ਸਕਦਾ ਹੈ।

ਵਿਸ਼ਵ ਦੀਆਂ ਇਨ੍ਹਾਂ ਦੋ ਵੱਡੀਆਂ ਤਕਨੀਕੀ ਕੰਪਨੀਆਂ ਅਤੇ ਆਸਟਰੇਲੀਆ ਸਰਕਾਰ ਦਰਮਿਆਨ ਵਿਵਾਦ ਦਾ ਕਾਰਨ ਇਕ ਪ੍ਰਸਤਾਵਤ ਕਾਨੂੰਨ ਹੈ ਜੋ ਤਕਨੀਕੀ ਕੰਪਨੀਆਂ ਅਤੇ ਮੀਡੀਆ ਅਦਾਰਿਆਂ ਵਿਚਕਾਰ ਮਾਰਕੀਟ ਵਿਚ ਸ਼ਕਤੀ ਦਾ ਸੰਤੁਲਨ ਸਥਾਪਤ ਕਰਨ ਲਈ ਲਿਆਇਆ ਜਾ ਰਿਹਾ ਹੈ। ਪ੍ਰਸਤਾਵਿਤ ਕਾਨੂੰਨ ਆਸਟਰੇਲੀਆਈ ਸੰਸਦ ਦੇ ਹੇਠਲੇ ਸਦਨ ਵਿਚ ਪਾਸ ਕੀਤਾ ਗਿਆ ਹੈ। ਹੁਣ ਇਹ ਪ੍ਰਸਤਾਵਿਤ ਕਾਨੂੰਨ ਸੈਨੇਟ ਵਿੱਚ ਪਾਸ ਕੀਤੇ ਜਾਣ ਦੀ ਤਿਆਰੀ ਵਿੱਚ ਹੈ।