ਨਹੀਂ ਰਹੇ ਮਸ਼ਹੂਰ ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ

by vikramsehajpal

ਬੰਬਈ (ਦੇਵ ਇੰਦਰਜੀਤ) : ਅੱਜ ਸ਼ਾਮ 5 ਵਜੇ ਜੁਹੂ ਕਬਰਿਸਤਾਨ ’ਚ ਦਿਲੀਪ ਕੁਮਾਰ ਸਪੁਰਦ-ਏ-ਖ਼ਾਕ ਹੋਣਗੇ। ਇਹ ਕਬਰਿਸਤਾਨ ਜੁਹੂ ਤਾਰਾ ਰੋਡ ’ਤੇ ਸਥਿਤ ਹੈ। ਇਸ ਨੂੰ ਸਾਂਤਾਕਰੂਜ਼ ਕਬਰਿਸਤਾਨ ਵੀ ਕਹਿੰਦੇ ਹਨ।

ਪੁਲਸ ਸਟੇਸ਼ਨ ਦੇ ਸਾਹਮਣੇ ਬਣੇ ਇਸ ਕਬਰਿਸਤਾਨ ’ਚ ਮੁਹੰਮਦ ਰਫੀ, ਮਧੁਬਾਲਾ, ਮਜ਼ਰੂਹ ਸੁਲਤਾਨਪੁਰੀ ਸਮੇਤ ਕਈ ਵੱਡੇ ਸਿਤਾਰਿਆਂ ਨੂੰ ਸਪੁਰਦ-ਏ-ਖ਼ਾਕ ਕੀਤਾ ਜਾ ਚੁੱਕਾ ਹੈ।ਦਿਲੀਪ ਕੁਮਾਰ ਸਾਡੇ ਵਿਚਾਲੇ ਨਹੀਂ ਰਹੇ। ਅੱਜ ਮੁੰਬਈ ਦੇ ਇਕ ਹਸਪਤਾਲ ’ਚ ਇਸ ਅਦਾਕਾਰ ਨੇ ਆਖਰੀ ਸਾਹ ਲਿਆ। ਇਸ ਖ਼ਬਰ ਨਾਲ ਬਾਲੀਵੁੱਡ ’ਚ ਸ਼ੋਕ ਦੀ ਲਹਿਰ ਹੈ। ਲਗਾਤਾਰ ਲੋਕ ਆਪਣਾ ਦੁੱਖ ਜ਼ਾਹਿਰ ਕਰ ਰਹੇ ਹਨ।

ਸਵੇਰੇ ਲਗਭਗ ਸਾਢੇ 7 ਵਜੇ ਦਿਲੀਪ ਕੁਮਾਰ ਨੇ ਆਖਰੀ ਸਾਹ ਲਿਆ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਸਾਹ ਲੈਣ ’ਚ ਦਿੱਕਤ ਦੇ ਚਲਦਿਆਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਸਵੇਰੇ 10 ਵਜੇ ਹਸਪਤਾਲ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਘਰ ਲਿਜਾਇਆ ਗਿਆ। ਇਸ ਦੌਰਾਨ ਉਨ੍ਹਾਂ ਨਾਲ ਪਤਨੀ ਸਾਇਰਾ ਬਾਨੋ ਸਮੇਤ ਕੁਝ ਕਰੀਬੀ ਲੋਕ ਮੌਜੂਦ ਸਨ।

ਦਿਲੀਪ ਕੁਮਾਰ ਦਾ ਅਸਲੀ ਨਾਂ ਮੁਹੰਮਦ ਯੁਸੂਫ ਖ਼ਾਨ ਸੀ। ਉਨ੍ਹਾਂ ਦਾ ਜਨਮ 11 ਦਸੰਬਰ, 1922 ਨੂੰ ਹੋਇਆ ਸੀ। ਉਨ੍ਹਾਂ ਨੂੰ ਹਿੰਦੀ ਸਿਨੇਮਾ ’ਚ The First Khan ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਿੰਦੀ ਸਿਨੇਮਾ ’ਚ ਮੈਥਡ ਐਕਟਿੰਗ ਦਾ ਕ੍ਰੈਡਿਟ ਉਨ੍ਹਾਂ ਨੂੰ ਹੀ ਜਾਂਦਾ ਹੈ।