ਬੁਢਲਾਡੇ ਦੇ ਰਿਲਾਇੰਸ ਪੈਟਰੋਲ ਪੰਪ ‘ਤੇ 232 ਵੇਂ ਦਿਨ ਵੀ ਗਰਜਦੇ ਰਹੇ ਕਿਸਾਨ ਆਗੂ ਅਤੇ ਨਾਅਰਿਆਂ ਦੀ ਪੈਂਦੀ ਰਹੀ ਗੂੰਜ

by vikramsehajpal

ਬੁਢਲਾਡਾ (ਕਰਨ) - ਸੰਯੁਕਤ ਕਿਸਾਨ ਮੋਰਚਾ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ 'ਤੇ ਚੱਲ ਰਿਹਾ ਲਗਾਤਾਰ ਧਰਨਾ ਅੱਜ 232 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ । ਅੱਜ ਧਰਨੇ ਦੌਰਾਨ ਵੱਖ-ਵੱਖ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਅਤੇ ਸਾਮਰਾਜੀ ਤਾਕਤਾਂ ਵਿਰੁੱਧ ਧੜੱਲੇਦਾਰ ਤਕਰੀਰਾਂ ਕੀਤੀਆਂ ਅਤੇ ਅੰਦੋਲਨਕਾਰੀ ਕਿਸਾਨਾਂ ਦੇ ਨਾਅਰਿਆਂ ਦੀ ਵੀ ਗੂੰਜ ਪੈਂਦੀ ਰਹੀ।


ਅੱਜ ਧਰਨੇ ਮੌਕੇ ਜੁੜੇ ਇਕੱਠ ਨੂੰ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਆਗੂ ਅਮਰੀਕ ਸਿੰਘ ਫਫੜੇ ਭਾਈਕੇ , ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਜਿਲ੍ਹਾ ਪ੍ਰਧਾਨ ਸਤਪਾਲ ਸਿੰਘ ਬਰੇ , ਮਿੱਠੂ ਸਿੰਘ ਅਹਿਮਦਪੁਰ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਗੁਰਨੇ ਖੁਰਦ ਅਤੇ ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਸੰਬੋਧਨ ਕੀਤਾ ।


ਅੱਜ ਦੇ ਧਰਨੇ ਵਿੱਚ ਸ਼ਹਿਰ ਦੀ ਭੀਖੀ -ਬੋਹਾ ਰੋਡ ਤੋਂ ਟਰੈਕਟਰਾਂ , ਕਾਰਾਂ- ਜੀਪਾਂ ਦੀਆਂ ਵਰਕਸ਼ਾਪਾਂ ਦੇ ਮਿਸਤਰੀਆਂ ਸਮੇਤ ਖੇਤੀ ਸੰਦਾਂ ਨਾਲ ਸਬੰਧਤ ਮਕੈਨਿਕ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।


ਕਿਸਾਨ ਆਗੂਆਂ ਨੇ ਕਿਹਾ ਕਿ ਅੰਗਰੇਜ਼ਾਂ ਨੇ 1907 ਵਿੱਚ ਤਿੰਨ ਕਾਲੇ ਕਾਨੂੰਨ ਲਿਆਂਦੇ ਸਨ ਜਿਨ੍ਹਾਂ ਖਿਲਾਫ਼ ਕਿਸਾਨਾਂ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਚਾਚਾ ਸ: ਅਜੀਤ ਸਿੰਘ ਅਤੇ ਹੋਰ ਆਗੂਆਂ ਦੀ ਅਗਵਾਈ ਲੰਬੀ ਲੜਾਈ ਲੜੀ ਸੀ ਅਤੇ ਇਸ ਵੱਡੇ ਅਤੇ ਇਤਿਹਾਸਕ ਸੰਘਰਸ਼ ਸਦਕਾ ਬ੍ਰਿਟਿਸ਼ ਸਾਮਰਾਜ ਨੂੰ ਉਸ ਸਮੇਂ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ। ਮੌਜੂਦਾ ਮੋਦੀ ਸਰਕਾਰ ਵੀ ਅੱਜ ਦੇ ਸਾਮਰਾਜੀ ਚੌਧਰੀ ਅਮਰੀਕਾ ਨ ਦੇ ਇਸ਼ਾਰਿਆਂ 'ਤੇ ਖੇਤੀ ਦੇ ਤਿੰਨੇ ਕਾਲੇ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ , ਜੋ ਕਿ ਮਾਨਵਤਾ ਅਤੇ ਮਿਹਨਤਕਸ਼ ਆਵਾਮ ਲਈ ਵੱਡੀ ਵੰਗਾਰ ਹੈ।


ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਕਿਰਤੀ-ਕਿਸਾਨਾਂ ਦਾ ਜੋਸ਼ ਠਾਠਾਂ ਮਾਰ ਰਿਹਾ ਹੈ ਅਤੇ ਉਨ੍ਹਾਂ ਅੰਦਰ ਸੰਘਰਸ਼ ਪ੍ਰਤੀ ਪੂਰਾ ਉਤਸ਼ਾਹ ਹੈ ਅਤੇ ਹੌਸ਼ਲੇ ਪੂਰੀ ਤਰ੍ਹਾਂ ਬੁਲੰਦ ਹਨ।


ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ 'ਤੇ ਪੂਰੇ ਦੇਸ਼ ਵਿੱਚ 26 ਮੲੀ ਦਾ ਦਿਨ ਕਾਲੇ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਘਰਾਂ , ਦੁਕਾਨਾਂ , ਕਾਰੋਬਾਰੀ ਥਾਵਾਂ , ਵਹੀਕਲਾਂ ਆਦਿ ਉੱਪਰ ਇਸ ਦਿਨ ਕਾਲੇ ਝੰਡੇ ਲਗਾਏ ਜਾਣਗੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਾਲੇ ਕਫਨਾਂ ਵਿੱਚ ਅਰਥੀਆਂ ਸਾੜੀਆਂ ਜਾਣਗੀਆਂ। ਸੰਯੁਕਤ ਕਿਸਾਨ ਮੋਰਚਾ ਦੇ 26 ਮੲੀ ਦਾ ਕਾਲਾ ਦਿਵਸ ਐਕਸ਼ਨ ਪ੍ਰਤੀ ਤਿਆਰੀਆਂ ਪੂਰੇ ਜੋਰਾਂ-ਸ਼ੋਰਾਂ ਨਾਲ ਆਰੰਭ ਹਨ। ਕਿਰਤੀਆਂ-ਕਿਸਾਨਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਭਾਰੀ ਉਤਸ਼ਾਹ ਹੈ।


ਇਕੱਠ ਨੂੰ ਹੋਰਨਾਂ ਤੋਂ ਇਲਾਵਾ ਤੇਜ ਰਾਮ ਅਹਿਮਦਪੁਰ , ਮਿਸਤਰੀ ਜੋਤੀ ਸਿੰਘ , ਮਿਸਤਰੀ ਆਸ਼ੂ ਕੁਮਾਰ , ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਬਸੰਤ ਸਿੰਘ ਸਹਾਰਨਾ , ਦਾ ਸਰੂਪ ਸਿੰਘ ਗੁਰਨੇ ਕਲਾਂ , ਮੱਲ ਸਿੰਘ ਬੋੜਾਵਾਲ , ਸੁਰਜੀਤ ਸਿੰਘ ਅਹਿਮਦਪੁਰ , ਸੀਤਾ ਗਿਰ ਗੁਰਨੇ ਕਲਾਂ , ਭੂਰਾ ਸਿੰਘ ਅਹਿਮਦਪੁਰ , ਅਜਾਇਬ ਸਿੰਘ ਗੁਰਨੇ ਕਲਾਂ , ਗੁਰਦਰਸ਼ਨ ਸਿੰਘ ਰੱਲੀ ਨੇ ਵੀ ਸੰਬੋਧਨ ਕੀਤਾ।