ਕਿਸਾਨਾਂ ਨੇ ਰੇਲਵੇ ਟ੍ਰੈਕ ਕੀਤਾ ਖਾਲੀ, ਹੁਣ ਚਲਣਗੀ ਇਹ ਟ੍ਰੇਨਾਂ

by vikramsehajpal

ਅੰਮ੍ਰਿਤਸਰ ਡੈਸਕ (ਐਨ.ਆਰ.ਆਈ.ਮੀਡਿਆ) : ਕੇਂਦਰ ਸਰਕਾਰ ਦੇ ਕਿਸਾਨ ਮਾਰੂ ਕਾਨੂੰਨਾਂ ਨੂੰ ਲੈ ਕੇ ਫਿਲੌਰ 'ਚ ਰੇਲਵੇ ਸਟੇਸ਼ਨ 'ਤੇ ਪਿਛਲੇ 22 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਚੱਲ ਰਿਹਾ ਸੀ। ਅੱਜ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਨੂੰ ਖਾਲੀ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਰੇਲ ਟ੍ਰੈਕ 'ਤੇ ਮਾਲ ਗੱਡੀਆਂ ਨੂੰ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਜੋ ਰੇਲ ਗੱਡੀਆਂ ਰਾਹੀਂ ਸਮਾਨ ਦਾ ਅਦਾਨ-ਪ੍ਰਦਾਨ ਹੁੰਦਾ ਰਹੇ।

ਦੱਸ ਦਈਏ ਕਿ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਨੇ ਸਿਰਫ਼ ਮਾਲ ਗੱਡੀਆਂ ਨੂੰ ਚੱਲਣ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਮੁਸਾਫ਼ਰ ਗੱਡੀਆਂ ਉਦਾਂ ਹੀ ਬੰਦ ਰਹਿਣਗੀਆਂ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਉਵੇਂ ਹੀ ਜਾਰੀ ਰਹੇਗਾ।

ਭਾਰਤੀ ਕਿਸਾਨ ਯੂਨੀਅਨ ਫ਼ਿਲੌਰ ਦੇ ਪ੍ਰਧਾਨ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਜਿਹੜੇ ਲੱਡੂ ਵੰਡੇ ਗਏ ਹਨ, ਉਹ ਸਿਰਫ਼ ਇੱਕ ਸਿਆਸੀ ਸਟੰਟ ਹੈ। ਜਦੋਂ ਇਹ ਕਾਨੂੰਨ ਰੱਦ ਹੋ ਜਾਣਗੇ ਉਦੋਂ ਕਿਸਾਨ ਲੱਡੂ ਵੰਡੇਗਾ। ਉਸ ਵੇੇਲੇ ਹੀ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਖ਼ਤਮ ਹੋਵੇਗਾ।