ਕਿਸਾਨ ਦਿੱਲੀ ਦੀਆਂ ਸਰਹੱਦਾ ਤਾਂ ਕਰ ਗਏ ਖਾਲੀ, ਪਰ ਸਿੰਘੂ ਤੇ ਗਾਜ਼ੀਪੁਰ ਬਾਰਡਰ ਜਨਵਰੀ ਤੋਂ ਖੁੱਲ੍ਹਣਗੇ, ਜਾਣੋ ਕਾਰਨ

by jaskamal

ਨਿਊਜ਼ ਡੈਸਕ (ਜਸਕਮਲ) : ਖੇਤੀ ਕਾਨੂੰਨਾਂ ਦੇ ਖਿਲਾਫ ਇਕ ਸਾਲ ਤੋਂ ਵੱਧ ਲੰਬੇ ਪ੍ਰਦਰਸ਼ਨ ਦੇ ਸਿੱਟੇ ਵਜੋਂ ਬਹੁਤੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਛੱਡ ਕੇ ਘਰਾਂ ਨੂੰ ਪਰਤ ਗਏ ਹਨ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਨੇ ਕਿਹਾ ਹੈ ਕਿ ਗਾਜ਼ੀਪੁਰ ਤੇ ਸਿੰਘੂ ਸਰਹੱਦਾਂ ਯਾਤਰੀਆਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤੀਆਂ ਜਾਣਗੀਆਂ। ਜਦਕਿ ਗਾਜ਼ੀਪੁਰ ਦਿੱਲੀ ਤੇ ਗਾਜ਼ੀਆਬਾਦ ਨੂੰ ਜੋੜਦਾ ਹੈ, ਸਿੰਘੂ ਸਰਹੱਦ ਦਿੱਲੀ ਤੇ ਹਰਿਆਣਾ ਨੂੰ ਜੋੜਦੀ ਹੈ।

ਅਧਿਕਾਰੀਆਂ ਵੱਲੋਂ ਸਰਹੱਦਾਂ ਨੂੰ ਖੋਲ੍ਹਣ 'ਚ ਦੇਰੀ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਪੁਲਿਸ ਵੱਲੋਂ ਬਣਾਏ ਗਏ ਕੰਕਰੀਟ ਬੈਰੀਕੇਡਾਂ ਨੂੰ ਹਟਾਉਣ 'ਚ ਕੁਝ ਸਮਾਂ ਲੱਗ ਸਕਦਾ ਹੈ, ਜਿਸ ਤੋਂ ਬਾਅਦ ਪੂਰੀ ਜਾਂਚ ਕੀਤੀ ਜਾਵੇਗੀ। NHAI ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਨਿਰੀਖਣ ਦਾ ਕੰਮ 15 ਦਸੰਬਰ ਤੋਂ ਕੀਤਾ ਜਾਵੇਗਾ, ਜਿਸ ਦਿਨ ਸਰਹੱਦਾਂ 'ਤੇ ਕੈਂਪ ਲਾਉਣ ਵਾਲੇ ਕਿਸਾਨਾਂ ਦਾ ਆਖਰੀ ਜੱਥਾ ਰਵਾਨਾ ਹੋਵੇਗਾ। ਅਧਿਕਾਰੀਆਂ ਮੁਤਾਬਕ ਬੈਰੀਕੇਡਾਂ ਨੂੰ ਹਟਾਉਣ ਤੇ ਜਾਂਚ ਦੇ ਕੰਮ ਦੇ ਨਾਲ-ਨਾਲ ਸਰਹੱਦਾਂ ਦੀ ਸਫ਼ਾਈ ਲਈ ਘੱਟੋ-ਘੱਟ ਦੋ ਹਫ਼ਤੇ ਲੱਗਣਗੇ।