ਚੋਣਾਂ ਲੜਨ ਬਾਰੇ ਕਿਸਾਨ ਜਥੇਬੰਦੀਆਂ ਅੱਜ ਕਰ ਸਕਦੀਆਂ ਹਨ ਵੱਡਾ ਐਲਾਨ, AAP ਨਾਲ ਗੱਠਜੋੜ ਦੇ ਚਰਚੇ

by jaskamal

ਨਿਊਜ਼ ਡੈਸਕ (ਜਸਕਮਲ) : ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਘੱਟੋ-ਘੱਟ ਸਮਰਥਨ ਮੁੱਲ 'ਤੇ ਕਮੇਟੀ ਬਣਾਉਣ ਵਰਗੀਆਂ ਮੰਗਾਂ ਨੂੰ ਲੈ ਕੇ ਕਿਸਾਨ ਭਾਵੇਂ ਆਪਣਾ ਅੰਦੋਲਨ ਮੁਲਤਵੀ ਕਰ ਕੇ ਘਰਾਂ ਨੂੰ ਪਰਤ ਗਏ ਹੋਣ, ਪਰ ਹੁਣ ਉਹ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੱਜ ਆਪਣੇ ਸਿਆਸੀ ਫਰੰਟ ਜਾਂ ਸਿਆਸੀ ਪਾਰਟੀ ਦਾ ਐਲਾਨ ਕਰ ਸਕਦੇ ਹਨ। ਕਿਸਾਨ ਆਗੂ ਹੁਣ ਸਿੱਧੇ ਤੌਰ 'ਤੇ ਚੋਣ ਲੜਨ ਦੇ ਇੱਛੁਕ ਹਨ।

ਸੂਤਰਾਂ ਅਨੁਸਾਰ ਇਸ ਮੁਹਿੰਮ ਦੀ ਅਗਵਾਈ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਕਰਨਗੇ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਬਾਅਦ ਵਿਚ ਇਹ ਫਰੰਟ ਜਾਂ ਪਾਰਟੀ ਆਮ ਆਦਮੀ ਪਾਰਟੀ ਨਾਲ ਜੁੜ ਸਕਦੀ ਹੈ।ਕਿਸਾਨ ਆਗੂਆਂ ਰੁਲਦੂ ਸਿੰਘ ਮਾਨਸਾ ਤੇ ਸੁਖਦਰਸ਼ਨ ਨਟ ਨੇ ਪੁਸ਼ਟੀ ਕੀਤੀ ਹੈ ਕਿ ਸਿਆਸਤ 'ਚ ਆਉਣ ਦੇ ਇੱਛੁਕ ਕਿਸਾਨ ਆਗੂਆਂ ਨੂੰ ਸ਼ਨਿਚਰਵਾਰ ਨੂੰ ਚੰਡੀਗੜ੍ਹ ਪਹੁੰਚਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਸੰਭਵ ਹੈ ਕਿ ਇਸ ਸਿਆਸੀ ਫਰੰਟ 'ਚ ਕਰੀਬ ਦੋ ਦਰਜਨ ਕਿਸਾਨ ਜਥੇਬੰਦੀਆਂ ਸ਼ਾਮਲ ਹੋ ਸਕਦੀਆਂ ਹਨ।