ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਪੂਰੀ ਨਾ ਦੇਣ ਦੇ ਰੋਸ ਵਜੋਂ ਕਿਸਾਨਾਂ ਨੇ ਲਾਇਆ ਪਾਵਰਕੋਮ ਦਫਤਰ ਦੇ ਬਾਹਰ ਧਰਨਾ

by vikramsehajpal

ਬੁਢਲਾਡਾ (ਕਰਨ) : ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਪੂਰੀ ਨਾ ਦੇਣ ਕਰਕੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਪਾਵਰਕੌਮ ਦਫਤਰ ਦੇ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ ਉਥੇ ਐਕਸੀਅਨ ਬੁਢਲਾਡਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਸਬੰਧੀ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਜ਼ੋਰਾਂ ਤੇ ਹੋਣ ਕਰਕੇ ਕਿਸਾਨਾਂ ਨੂੰ ਬਿਜਲੀ ਸਪਲਾਈ 16 ਘੰਟੇ ਚਾਹੀਦੀ ਹੈ ਪਰ ਪਾਵਰਕੌਮ ਵੱਲੋਂ ਦਿੱਤੀ ਜਾਰੀ 8 ਘੰਟੇ ਦੀ ਬਿਜਲੀ ਸਪਲਾਈ ਵੀ ਪੂਰੀ ਤਰ੍ਹਾਂ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ 8 ਘੰਟੇ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਵਿੱਚ ਵੀ ਦੋ ਤਿੰਨ ਘੰਟੇ ਦੇ ਪਾਵਰ ਕੱਟ ਲਗਾ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਲਈ ਆ ਰਹੀਆਂ ਸਮੱਸਿਆਵਾਂ ਦੇ ਲਈ ਸਥਾਪਿਤ ਕੀਤੇ ਗਏ ਪੈਡੀ ਕੰਟਰੋਲ ਰੂਮਾਂ ਦਾ ਵੀ ਕਿਸਾਨਾਂ ਨੂੰ ਕੋਈ ਸਹਾਰਾ ਨਹੀਂ ਹੈ। ਕਿਉਂਕਿ ਜਦੋਂ ਵੀ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਪੈਡੀ ਕੰਟਰੋਲ ਰੂਮਾਂ ਵਿਚ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਸਮੱਸਿਆ ਹੱਲ ਕੀਤੀ ਜਾਂਦੀ ਹੈ । ਉਨ੍ਹਾਂ ਪਾਵਰਕੌਮ ਮੈਨੇਜਮੈਂਟ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਮਿਲਣ ਵਾਲੀ ਬਿਜਲੀ ਸਪਲਾਈ ਵਿੱਚ ਲਗਾਏ ਜਾ ਰਹੇ ਪਾਵਰਕਾਮ ਘੱਟ ਖ਼ਤਮ ਕੀਤੇ ਜਾਣ ਅਤੇ ਕਿਸਾਨਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਜੋ ਝੋਨੇ ਦੇ ਸੀਜ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਖ਼ਿਲਾਫ਼ ਕੋਈ ਵੱਡਾ ਐਕਸ਼ਨ ਲਿਆ ਜਾਵੇਗਾ। ਇਸ ਮੌਕੇ ਅਜੈਬ ਸਿੰਘ, ਮੰਗੂ ਸਿੰਘ, ਜਗਰਾਜ ਸਿੰਘ, ਲਵਪ੍ਰੀਤ ਸਿੰਘ, ਬੋਗ ਸਿੰਘ, ਭੋਲਾ ਸਿੰਘ, ਗੁਰਬਚਨ ਸਿੰਘ, ਇਕਬਾਲ ਸਿੰਘ, ਭਗਵਾਨ ਸਿੰਘ, ਸੱਤਪਾਲ ਸਿੰਘ, ਗੁਲਾਬ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਬੁਢਲਾਡਾ: ਬਿਜਲੀ ਸਪਲਾਈ ਪੂਰੀ ਨਾ ਦੇਣ ਦੇ ਰੋਸ ਵਜੋਂ ਪਾਵਰਕਾਮ ਦਫਤਰ ਦੇ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।