ਬੁਢਲਾਡੇ ਦੇ ਰਿਲਾਇੰਸ ਪੈਟਰੋਲ ਪੰਪ ‘ਤੇ 210 ਵੇਂ ਦਿਨ ਵੀ ਸਿੱਖਰ ਦੁਪਿਹਰੇ ਗੂੰਜਦੇ ਰਹੇ ਕਿਸਾਨਾਂ ਦੇ ਨਾਅਰੇ

by vikramsehajpal

ਬੁਢਲਾਡਾ 29 ਅਪ੍ਰੈਲ - (ਕਰਨ) : ਅੱਜ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਆਰ-ਪਾਰ ਦੀ ਲੜਾਈ ਲੜ ਰਹੇ ਕਿਰਤੀ ਕਿਸਾਨ ਪੂਰੇ ਜੋਸ਼ ਅਤੇ ਹੌਸਲੇ ਨਾਲ ਸੰਘਰਸ਼ ਦੇ ਮੈਦਾਨ ਵਿੱਚ ਲੱਕ ਬੰਨਕੇ ਲੜ ਰਹੇ ਹਨ। ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ ਅੱਜ 210 ਵੇਂ ਦਿਨ ਰੋਜ਼ਾਨਾ ਵਾਂਗ ਕਿਸਾਨਾਂ ਦੇ ਨਾਅਰੇ ਸਾਰਾ ਵਿੱਚ ਖੌਰੂ ਪਾਉਂਦੇ ਰਹੇ ਅਤੇ ਸਿੱਖਰ ਦੁਪਿਹਰੇ ਵੀ ਗੂੰਜਦੇ ਰਹੇ। ਅੱਜ ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਚਰਨ ਦਾਸ ਬੋੜਾਵਾਲ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਗੁਰਨੇ ਖੁਰਦ ਤੋਂ ਇਲਾਵਾ ਹਰਿੰਦਰ ਸਿੰਘ ਸੋਢੀ , ਜਸਵੰਤ ਸਿੰਘ ਬੀਰੋਕੇ ਅਤੇ ਬਲਦੇਵ ਸਿੰਘ ਮੱਖਣ ਸਾਬਕਾ ਸਰਪੰਚ ਗੁਰਨੇ ਖੁਰਦ ਨੇ ਸੰਬੋਧਨ ਕੀਤਾ।

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ , ਦੇਸ਼ ਅਤੇ ਦੁਨੀਆਂ ਵਿੱਚ ਕਿਸਾਨ ਅੰਦੋਲਨ ਦਾ ਸੁਨੇਹਾ ਹਰ ਤਰ੍ਹਾਂ ਦੀ ਵੰਨਗੀ ਤੋਂ ਉੱਪਰ ਉੱਠਕੇ ਸਾਂਝੀਵਾਲਤਾ ਅਤੇ ਇੱਕਜੁੱਟਤਾ ਨਾਲ ਲੁੱਟ ਖਸੁੱਟ ਦੇ ਖਿਲਾਫ਼ ਸੰਘਰਸ਼ ਕਰਨ ਦਾ ਗਿਆ ਹੈ ਜਿਸ ਨਾਲ ਲੋਟੂ ਲਾਣੇ ਨੂੰ ਹੱਥਾਂ-ਪੈਰਾਂ ਦੀ ਪੲੀ ਹੋਈ ਹੈ। ਦੂਜੇ ਪਾਸੇ ਕਿਸਾਨ ਅੰਦੋਲਨ ਦੀ ਹਰ ਪੱਖ ਤੋਂ ਦਿਨੋ ਦਿਨ ਮਜਬੂਤੀ ਵੱਧਦੀ ਜਾ ਰਹੀ ਹੈ।ਜਿਸ ਕਾਰਨ ਹਕੂਮਤਾਂ ਦੇ ਖੇਮੇ ਵਿੱਚ ਘੋਰ ਨਿਰਾਸਤਾ ਅਤੇ ਬੁਖਲਾਹਟ ਹੈ। ਆਗੂਆਂ ਨੇ ਸਮੁੱਚੇ ਅੰਦੋਲਨਕਾਰੀਆਂ ਨੂੰ ਸੁਚੇਤ ਕਰਦਿਆਂ ਦਾਅਵੇ ਨਾਲ ਕਿਹਾ ਕਿ ਕਿਸਾਨ ਅੰਦੋਲਨ ਦੀ ਸਫਲਤਾ ਅਟੱਲ ਹੈ। ਉਨ੍ਹਾਂ ਆਖਿਆ ਕਿ ਇਸ ਅੰਦੋਲਨ ਦੀ ਜਿੱਤ ਵਿੱਚ ਲੋਟੂਆਂ ਦੇ ਮਾੜੇ ਦਿਨਾਂ ਅਤੇ ਆਵਾਮ ਦੇ ਚੰਗੇ ਦਿਨਾਂ ਦਾ ਆਰੰਭ ਛੁਪਿਆ ਹੋਇਆ ਹੈ ।

ਇਸ ਮੌਕੇ 'ਤੇ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਕਿਰਤੀਆਂ- ਕਾਮਿਆਂ ਦਾ ਕੌਮਾਂਤਰੀ ਮਜਦੂਰ ਦਿਵਸ 1 ਮਈ ਨੂੰ ਰਿਲਾਇੰਸ ਪੈਟਰੋਲ ਪੰਪ ਬੁਢਲਾਡਾ ਵਿਖੇ ਪੂਰੇ ਜੋਸ਼-ਖਰੋਸ਼ ਨਾਲ ਮਨਾਇਆ ਜਾਵੇਗਾ। ਉਨ੍ਹਾਂ ਮਜਦੂਰਾਂ-ਕਿਸਾਨਾਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਵਧ ਚੜਕੇ ਪਹੁੰਚਣ। ਅੱਜ ਦੇ ਧਰਨੇ ਨੂੰ ਅਮਰੀਕ ਸਿੰਘ ਮੰਦਰਾਂ , ਜਥੇਦਾਰ ਜਵਾਲਾ ਸਿੰਘ , ਮਹੰਤ ਸੀਤਾ ਸਿੰਘ , ਸੁਖਵਿੰਦਰ ਸਿੰਘ ਗੁਰਨੇ ਖੁਰਦ , ਸਰਬਜੀਤ ਸਿੰਘ ਗੁਰਨੇ , ਤਰਸੇਮ ਸਿੰਘ ਗੁਰਨੇ ਕਲਾਂ , ਲੀਲੂ ਸਿੰਘ ਗੁਰਨੇ ਕਲਾਂ , ਅੰਗਰੇਜ਼ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।