ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਰਿਲਾਇੰਸ ਪੈਟਰੋਲ ਪੰਪ ‘ਤੇ ਕਿਸਾਨਾਂ ਦਾ ਧਰਨਾ 242 ਵੇਂ ਦਿਨ ਵਿੱਚ ਦਾਖਲ

by vikramsehajpal

ਬੁਢਲਾਡਾ ( ਕਰਨ) - ਸੰਯੁਕਤ ਕਿਸਾਨ ਮੋਰਚਾ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਤਹਿਤ ਅੱਜ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ 'ਤੇ 242 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ । ਧਰਨਾਕਾਰੀ ਕਿਸਾਨਾਂ ਨੇ ਅੱਜ ਵੀ ਰੋਜ਼ ਵਾਂਗ ਮੋਦੀ ਸਰਕਾਰ ਅਤੇ ਕਾਲੇ ਕਾਨੂੰਨਾਂ ਖਿਲਾਫ਼ ਰੋਹ ਭਰਪੂਰ ਤਿੱਖੀ ਨਾਅਰੇਬਾਜ਼ੀ ਕੀਤੀ।
ਅੱਜ ਕਿਸਾਨਾਂ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਮਿੱਠੂ ਸਿੰਘ ਅਹਿਮਦਪੁਰ , ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ ਦਲਿਓ , ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਸਵਰਨ ਸਿੰਘ ਬੋੜਾਵਾਲ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਗੁਰਨੇ ਕਲਾਂ ਅਤੇ ਤੇਜ ਰਾਮ ਅਹਿਮਦਪੁਰ ਨੇ ਸੰਬੋਧਨ ਕੀਤਾ ।
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਦੁਆਰਾ ਉਠਾਈ ਆਵਾਜ਼ ਅੱਜ ਹਰ ਇੱਕ ਭਾਰਤ ਵਾਸੀ ਦੀ ਆਵਾਜ਼ ਬਣ ਚੁੱਕੀ ਹੈ ਅਤੇ ਮੋਦੀ ਸਰਕਾਰ ਵਿਰੁੱਧ ਸਾਰੇ ਦੇਸ਼ਵਾਸੀ ਇੱਕਮੁੱਠ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਚੰਦ ਕੁ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਖਵਾਲੀ ਕਰ ਰਹੀ ਹੈ ਅਤੇ ਦੇਸ਼ ਦੀ ਆਰਥਿਕਤਾ ਅਤੇ ਆਜ਼ਾਦੀ ਨੂੰ ਦਾਅ 'ਤੇ ਲਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਦੇਸ਼ ਦਾ ਆਵਾਮ ਦੀ ਏਕਤਾ ਅੱਗੇ ਸਰਕਾਰ ਅਤੇ ਸਾਮਰਾਜ ਦੇ ਸਾਰੇ ਹੱਥਕੰਡੇ ਅਤੇ ਚਾਲਾਂ ਬੁਰੀ ਤਰ੍ਹਾਂ ਅਸਫਲ ਹੋਈਆਂ ਹਨ ਅਤੇ ਕਿਸਾਨ ਅੰਦੋਲਨ ਮਜਬੂਤੀ ਨਾਲ ਅੱਗੇ ਵਧ ਰਿਹਾ ਹੈ ।
ਉਕਤ ਆਗੂਆਂ ਤੋਂ ਇਲਾਵਾ ਨੰਬਰਦਾਰ ਜੀਤ ਸਿੰਘ ਗੁਰਨੇ ਕਲਾਂ , ਗੁਰਦਰਸ਼ਨ ਸਿੰਘ ਰੱਲੀ , ਰੂਪ ਸਿੰਘ ਗੁਰਨੇ ਕਲਾਂ , ਭੂਰਾ ਸਿੰਘ ਅਹਿਮਦਪੁਰ , ਮੱਲ ਸਿੰਘ ਬੋੜਾਵਾਲ , ਅਮਰਜੀਤ ਸਿੰਘ ਅਹਿਮਦਪੁਰ , ਗੁਰਦੇਵ ਦਾਸ ਬੋੜਾਵਾਲ , ਗੁਰਚਰਨ ਸਿੰਘ ਗੁਰਨੇ ਖੁਰਦ , ਬਸੰਤ ਸਿੰਘ ਸਹਾਰਨਾ , ਜਥੇਦਾਰ ਜਵਾਲਾ ਸਿੰਘ ਗੁਰਨੇ ਖੁਰਦ , ਲਾਭ ਸਿੰਘ ਅਹਿਮਦਪੁਰ ਸੁੱਖੀ ਸਿੰਘ ਗੁਰਨੇ ਖੁਰਦ ਨੇ ਵੀ ਸੰਬੋਧਨ ਕੀਤਾ ।