ਨਿਊਜ਼ੀਲੈਂਡ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਸੜਕਾਂ ’ਤੇ ਆਏ ਕਿਸਾਨ

by vikramsehajpal

ਆਕਲੈਂਡ (ਦੇਵ ਇੰਦਰਜੀਤ)- ਨਿਊਜ਼ੀਲੈਂਡ ਵਿਚ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਭਾਰੀ ਗਿਣਤੀ ਵਿਚ ਕਿਸਾਨ ਸੜਕਾਂ ’ਤੇ ਉਤਰੇ ਹਨ। ਇਸ ਦੌਰਾਨ ਨਿਊਜ਼ੀਲੈਂਡ ਦੇ 4 ਦਰਜਨ ਤੋਂ ਵੀ ਵੱਧ ਸ਼ਹਿਰਾਂ ਵਿਚ ਕਿਸਾਨਾਂ ਨੇ ਵਿਸ਼ਾਲ ਟਰੈਕਟਰ ਮਾਰਚ ਕੱਢਿਆ। ਰੈਲੀ ਵਿਚ ਸ਼ਾਮਲ ਕਿਸਾਨਾਂ ਦੇ ਵਾਹਨਾਂ ’ਤੇ ਨੋ ਫਾਰਮਰ ਨੋ ਫੂਡ ਦੇ ਪੋਸਟਰ ਲੱਗੇ ਦਿਖਾਈ ਦਿੱਤੇ।

ਇਸ ਦੌਰਾਨ ਕਿਸਾਨਾਂ ਦੇ ਕੁੱਤੇ ਵੀ ਉਹਨਾਂ ਨਾਲ ਸ਼ਾਮਲ ਸਨ। ਇਹ ਰੈਲੀ ਕੈਟੀਆ ਤੋਂ ਸ਼ੁਰੂ ਹੋ ਕੇ ਸਾਊਥਾਲ ਵਿਚ ਜਾ ਕੇ ਖਤਮ ਕੀਤੀ ਗਈ। ਦਰਅਸਲ ਨਿਊਜੀਲੈਂਡ ਸਰਕਾਰ ਵੱਲੋਂ ਕੁਝ ਨਵੇਂ ਬਿਲ ਲਿਆਂਦੇ ਜਾ ਰਹੇ ਹਨ। ਇਹਨਾਂ ਬਿੱਲਾਂ ਦੇ ਵਿਰੋਧ ਵਿਚ ਨਿਊਜੀਲੈਂਡ ਦੇ ਕਿਸਾਨ ਗਰਾਊਂਡਜ ਵੈੱਲ ਮੂਵਮੈਂਟ ਤਹਿਤ ਇਕੱਠੇ ਹੋਏ। ਇਸ ਪ੍ਰਦਰਸ਼ਨ ਦੌਰਾਨ ਆਕਲੈਂਡ ਸੈਂਟਰ ਖਿੱਚ ਦਾ ਕੇਂਦਰ ਬਣਿਆ, ਜਿੱਥੇ ਭਾਰੀ ਗਿਣਤੀ ਵਿਚ ਕਿਸਾਨ ਇਕੱਠੇ ਹੋਏ। ਇਸ ਪ੍ਰਦਰਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਹ ਵਿਰੋਧ ਪ੍ਰਦਰਸ਼ਨ ਸਾਫ ਪਾਣੀ, ਸਵਦੇਸ਼ੀ ਜੈਵਿਕ ਵਿਭਿੰਨਤਾ, ਵਾਹਨ ਅਤੇ ਵਾਤਾਵਰਣ ਬਦਲਾਅਨੂੰ ਲੈ ਕੇ ਬਣ ਰਹੇ ਨਿਯਮਾਂ ਸਬੰਧੀ ਕੀਤਾ ਗਿਆ। ਸਥਾਨਕ ਲੋਕਾਂ ਨੇ ਸੜਕਾਂ ਕੰਢੇ ਵਾਹਨ ਖੜ੍ਹਾ ਕੇ ਹਾਰਨ ਮਾਰ ਕੇ ਕਿਸਾਨਾਂ ਦਾ ਸਮਰਥਨ ਕੀਤਾ।

ਜ਼ਿਕਰਯੋਗ ਹੈ ਕਿ ਭਾਰਤ ਵਿਚ ਵੀ ਪਿਛਲੇ 8 ਮਹੀਨਿਆਂ ਤੋਂ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ। ਕਿਸਾਨ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨ ਲਗਾਤਾਰ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ। ਹਾਲਾਂਕਿ ਇਸ ਮਸਲੇ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਕਈ ਦੌਰ ਦੀ ਗੱਲ਼ਬਾਤ ਹੋ ਚੁੱਕੀ ਹੈ ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ।